- ਹੈਪੀ ਸੀਡਰ ਨਾਲ ਬਿਜਾਈ ਕਰ ਰਹੇ ਕਿਸਾਨਾਂ ਦੀ ਕੀਤੀ ਹੌਂਸਲਾ ਅਫਜਾਈ
ਫਾਜਿ਼ਲਕਾ, 8 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਖੁਦ ਮੈਦਾਨ ਵਿਚ ਨਿੱਤਰ ਆਏ ਅਤੇ ਉਨ੍ਹਾਂ ਨੇ ਖੇਤਾਂ ਦਾ ਦੌਰਾ ਕਰਕੇ ਮੌਕੇ ਤੇ ਜਾ ਕੇ ਸਾੜੀ ਜਾ ਰਹੀ ਪਰਾਲੀ ਦੀ ਅੱਗ ਬੁਝਵਾਈ ਉਥੇ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਕੁਦਰਤ ਵਿਰੋਧੀ ਕੰਮ ਨਾ ਕਰਨ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਖੇਤਾਂ ਵਿਚ ਹੈਪੀ ਸੀਡਰ ਅਤੇ ਹੋਰ ਮਸ਼ੀਨਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀ ਹੌਂਸਲਾਂ ਅਫਜਾਈ ਕੀਤੀ।ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਵਾਤਾਵਰਨ ਰਾਖੇ ਕਿਸਾਨ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਹਨ ਅਤੇ ਪੂਰੇ ਸਮਾਜ ਨੂੰ ਇੰਨ੍ਹਾਂ ਤੇ ਮਾਣ ਹੈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਮਿਲ ਕੇ ਵੀ ਅਪੀਲ ਕੀਤੀ ਜਿੰਨ੍ਹਾਂ ਨੇ ਪਰਾਲੀ ਦੀਆਂ ਗੱਠਾਂ ਬਣਾ ਲਈਆਂ ਤਾਂ ਵੀ ਉਹ ਵੀ ਪਿੱਛੇ ਰਹਿ ਗਈ ਰਹਿੰਦ ਖੁੰਹਦ ਨੂੰ ਵੀ ਅੱਗ ਨਾ ਲਗਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰਾਂ ਜਦ ਅਸੀਂ ਸਾਰੀ ਪਰਾਲੀ ਚੁਕਾ ਦਿੰਦੇ ਹਾਂ ਤਾਂ ਫਿਰ ਪਿੱਛੇ ਮਾਮੂਲੀ ਰਹਿੰਦ ਖੁਹੰਦ ਨੂੰ ਸਾੜ ਕੇ ਕਾਲਖ ਕਿਉਂ ਲੈਣੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪਗ੍ਰਹਿ ਨਾਲ ਰੱਖੀ ਜਾ ਚੌਕਸੀ ਦੌਰਾਨ ਇਸ ਤਰਾਂ ਦੀ ਮਾਮੂਲੀ ਅੱਗ ਨੂੰ ਵੀ ਉਪਗ੍ਰਹਿ ਫੜ ਲੈਂਦਾ ਹੈ ਜੋ ਕਿ ਕਿਸਾਨ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ ਅਤੇ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਵੀ ਇਹ ਧੂੰਆ ਸੱਮਸਿਆ ਬਣਦਾ ਹੈ। ਇਸ ਮੌਕੇ ਇਕ ਕਿਸਾਨ ਨੇ ਇੱਥੇ ਨੇੜੇ ਹੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸ ਖਿਲਾਫ ਕਾਰਵਾਈ ਕਰਨ ਦੀ ਹਦਾਇਤ ਵੀ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਦਿੱਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਹਾਜਰ ਸਨ।