- ਖੇਤੀਬਾੜੀ ਵਿਭਾਗ ਵੱਲੋਂ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ : ਬੈਨੀਪਾਲ
ਲੁਧਿਆਣਾ, 04 ਨਵੰਬਰ : ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰਂ ਬਿਨ੍ਹਾਂ ਸਾੜੇ ਸੰਭਾਲਣ ਲਈ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਤਹਿਸੀਲ ਜਗਰਾਓ ਦੇ ਪਿੰਡ ਸ਼ੇਖੁਪੁਰਾ ਵਿੱਚ ਅਗਾਂਹਵਧੂ ਕਿਸਾਨਾਂ ਨਾਲ ਮਿਲ ਕੇ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਨਾਲ ਗੱਲ-ਬਾਤ ਕੀਤੀ ਅਤੇ ਉਹਨਾਂ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਵੀ ਕੀਤਾ। ਮੌਕੇ 'ਤੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਨਰਿੰਦਰ ਸਿੰਘ ਬੈਨੀਪਾਲ ਨੇ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਲਾਈਵ ਡਿਮਾਂਸਟ੍ਰੇਸ਼ਨ ਦੀ ਅਗਵਾਈ ਕੀਤੀ। ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐਸ.ਡੀ.ਐਮ. ਜਗਰਾਓ ਸ਼੍ਰੀਮਤੀ ਮਨਜੀਤ ਕੌਰ ਨੇ ਕਿਸਾਨਾਂ ਦੇ ਸਨਮੁੱਖ ਹੋ ਕੇ ਉਹਨਾਂ ਨੂੰ ਸੁਚੱਜੇ ਪਰਾਲੀ ਪ੍ਰਬੰਧਨ ਦੀ ਅਪੀਲ ਕੀਤੀ ਅਤੇ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਇਸ ਉਪਰੰਤ ਸਮੁੱਚੀ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਪਿੰਡ ਮੋਰ ਕਰੀਮਾਂ ਵਿੱਚ ਲੱਗੀ ਅੱਗ ਨੂੰ ਫਾਈਰ ਟੈਂਡਰ ਮੰਗਵਾ ਕੇ ਅੱਗ ਬੁਝਾਈ ਗਈ। ਪਿੰਡ ਮੋਰ ਕਰੀਮਾਂ ਵਿੱਖੇ ਇੱਕਤਰ ਹੋਏ ਕਿਸਾਨਾਂ ਨੂੰ ਸਮਝਾਇਆ ਗਿਆ ਅਤੇ ਬਿਨਾਂ ਅੱਗ ਲਗਾਏ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਬੰਧਤ ਇਲਾਕੇ ਦੇ ਪਿੰਡਾ ਦਾ ਦੌਰਾ ਜਾਰੀ ਰੱਖਦਿਆਂ ਹੋਇਆ ਜਗਰਾਓ ਤਹਿਸੀਲ ਦੇ ਇੱਕ ਹੋਰ ਪਿੰਡ ਕੁਲਾਰ ਵਿਖੇ ਕਿਸਾਨਾਂ ਵੱਲੋਂ ਲਗਾਈ ਗਈ ਅੱਗ ਨੂੰ ਵੀ ਮੌਕੇ ਤੇ ਹੀ ਬੁਝਾਇਆ ਗਿਆ ਅਤੇ ਕਿਸਾਨ ਨੇ ਅੱਗੇ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਸ.ਡੀ.ਐਮ. ਜਗਰਾਓ ਸ਼੍ਰੀਮਤੀ ਮਨਜੀਤ ਕੌਰ, ਮੁੱਖ ਖੇਤੀਬਾੜੀ ਅਫਸਰ ਸ੍ਰੀ ਨਰਿੰਦਰ ਸਿੰਘ ਬੈਨੀਪਾਲ, ਬਲਾਕ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਅਤੇ ਖੇਤੀਬਾੜੀ ਵਿਭਾਗ ਦਾ ਸਬੰਧਤ ਸਟਾਫ ਵੀ ਮੌਜੂਦ ਸੀ।