- ਜੀਰੋ ਲਾਇਨ ਤੱਕ ਜਵਾਨ ਧੂੰਦ ਵਿਚ ਦੁਸ਼ਮਣ ਦੇਸ਼ ਤੋਂ ਨਸ਼ੇ ਦੀ ਤਸਕਰੀ ਰੋਕਣ ਲਈ ਰੱਖ ਰਹੇ ਹਨ ਚੌਕਸੀ
- ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਏ ਬਾਰਡਰ ਪੈਟਰੋਲ ਵਹਿਕਲ ਗਸਤ ਲਈ ਹੋ ਰਹੇ ਹਨ ਵਰਦਾਨ ਸਿੱਧ
ਫਾਜਿ਼ਲਕਾ, 27 ਦਸੰਬਰ : ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੂੰਦ ਵਿਚ ਬੀਤੀ ਰਾਤ 12 ਵਜੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਫਾਜਿ਼ਲਕਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਮੋਹਰਲੀਆਂ ਚੌਂਕੀਆਂ ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਦੇ ਨਾਕਿਆਂ ਤੇ ਤਾਇਨਾਤ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਪੰਹੁਚੇ। ਇਸ ਮੌਕੇ ਉਨ੍ਹਾਂ ਦੇ ਨਾਲ ਬੀਐਸਐਫ ਦੇ ਸੀਨਿਅਰ ਅਧਿਕਾਰੀ ਵੀ ਸ੍ਰੀ ਕੇ ਐਨ ਤ੍ਰਿਪਾਠੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਸੰਘਣੀ ਧੂੰਦ ਅਤੇ ਠੰਡ ਦੇ ਇਸ ਮੌਸਮ ਵਿਚ ਦੁ਼ਸ਼ਮਣ ਦੇਸ਼ ਵੱਲੋਂ ਇਸ ਪਾਸੇ ਡ੍ਰੋਨ ਰਾਹੀਂ ਨਸ਼ੇ ਭੇਜਣ ਦੀਆਂ ਕੋਸਿ਼ਸਾਂ ਵੱਧ ਜਾਂਦੀਆਂ ਹਨ। ਪਰ ਸਾਡੇ ਜਵਾਨ ਬੁਲੰਦ ਹੌਂਸਲ ਅਤੇ ਆਪਣੀ ਮੁਸਤੈਦ ਨਜਰ ਨਾਲ ਦੁਸ਼ਮਣ ਦੀ ਹਰ ਨਾਪਾਕ ਹਰਕਤ ਨੂੰ ਮਾਤ ਦੇਣ ਲਈ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਜੀਰੋ ਲਾਇਨ ਤੋਂ ਲੈਕੇ ਕਈ ਕਿਲੋਮੀਟਰ ਪਿੱਛੇ ਤੱਕ ਬੀਐਸਐਫ ਅਤੇ ਪੰਜਾਬ ਪੁਲਿਸ ਦੀ ਕਈ ਪੜਾਵੀਂ ਸੁਰੱਖਿਆ ਪਰਤ ਹੈ ਜਿਸ ਸਹਾਰੇ ਆਮ ਨਾਗਰਿਕ ਆਪਣੇ ਘਰਾਂ ਵਿਚ ਅਰਾਮ ਦੀ ਨੀਂਦ ਸੌਂਦਾਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਨਾਕਿਆਂ ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਵਤਨ ਪ੍ਰਸਤੀ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਆਪਣੇ ਜਵਾਨਾਂ ਤੇ ਮਾਣ ਹੈ। ਉਨ੍ਹਾਂ ਨੇ ਇੱਕਲੇ ਇੱਕਲੇ ਜਵਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਨੁਭਵ ਜਾਣੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੁੱਤ ਵਿਚ ਤਸ਼ਕਰੀ ਦੀਆਂ ਕੋਸਿ਼ਸਾਂ ਵੱਧ ਜਾਂਦੀਆਂ ਹਨ ਇਸ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੀ ਪੁਲਿਸ ਵਿਭਾਗ ਦੇ ਮਾਰਫ਼ਤ ਵਿਸੇਸ਼ ਚੌਕਸੀ ਰੱਖੀ ਜਾ ਰਹੀ ਹੈ ਅਤੇ ਬੀਐਸਐਫ ਨਾਲ ਮਿਲ ਕੇ ਸਰਹੱਦੀ ਖੇਤਰਾਂ ਵਿਚ ਹਰ ਨਿੱਕੀ ਵੱਡੀ ਹਰਕਤ ਤੇ ਨਜਰ ਰੱਖੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਸੁਰੱਖਿਆ ਏਂਜਸੀਆਂ ਦਾ ਆਪਸੀ ਤਾਲਮੇਲ ਨਾਲ ਚੌਕਸੀ ਰੱਖੀ ਜਾ ਰਹੀ ਹੈ। ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਆਪਸੀ ਤਾਲਮੇਲ ਨਾਲ ਇੰਨ੍ਹਾਂ ਸਰਦ ਰਾਤਾਂ ਵਿਚ ਸਰਹੱਦੀ ਖੇਤਰਾਂ ਵਿਚ ਚੌਕਸੀ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡੋ੍ਰਨ ਗਤੀਵਿਧੀਆਂ ਤੇ ਵਿਸੇਸ਼ ਤੌਰ ਤੇ ਨਜਰ ਰੱਖੀ ਜਾ ਰਹੀ ਹੈ ਕਿਉਂਕਿ ਧੂੰਦ ਵਿਚ ਦੂਰ ਤੱਕ ਵਿਖਾਈ ਨਹੀਂ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸਿ਼ਆਂ ਦੀ ਰੋਕਥਾਮ ਲਈ ਲਗਾਤਾਰ ਅਭਿਆਨ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧੂੰਦ ਦੇ ਮੱਦੇਨਜਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਬਾਰਡਰ ਪੈਟਰੋਲ ਯੁਨਿਟ ਤਹਿਤ ਪੰਜਾਬ ਸਰਕਾਰ ਵੱਲੋਂ ਵਿਸੇਸ਼ ਗਸਤ ਲਈ ਵਾਹਨ ਦਿੱਤੇ ਗਏ ਹਨ ਜਿਸ ਨਾਲ ਵੀ ਟੀਮਾਂ ਸਰਹੱਦੀ ਖੇਤਰ ਵਿਚ ਚੌਕਸੀ ਰੱਖ ਰਹੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਹੀ ਦੋ ਵੱਖ ਵੱਖ ਥਾਂਵਾਂ ਤੋਂ ਸਰਹੱਦੀ ਖੇਤਰ ਵਿਚ 6 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਬੀਐਸਐਫ ਦੇ ਅਧਿਕਾਰੀ ਸ੍ਰੀ ਕੇ ਐਨ ਤ੍ਰਿਪਾਠੀ ਨੇ ਜਿ਼ਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੀਐਸਐਫ ਵੱਲੋਂ ਡੋ੍ਰਨ ਗਤੀਵਿਧੀਆਂ ਰੋਕਣ ਲਈ ਹਰ ਪ੍ਰਕਾਰ ਦੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀਐਸਐਫ ਅਤੇ ਪੁਲਿਸ ਨਾਲ ਸਹਿਯੋਗ ਕਰਨ ਅਤੇ ਜਿੱਥੇ ਕਿਤੇ ਵੀ ਡ੍ਰੋਨ ਗਤੀਵਿਧੀ ਦੀ ਕੋਈ ਅਵਾਜ ਸੁਣਾਈ ਦੇਵੇ ਤਾਂ ਤੁਰੰਤ ਪੁਲਿਸ ਜਾਂ ਬੀਐਸਐਫ ਨੂੰ ਸੂਚਨਾ ਦਿੱਤੀ ਜਾਵੇ। ਇਸ ਮੌਕੇ ਡੀਐਸਪੀ ਸੁਬੇਗ ਸਿੰਘ ਅਤੇ ਡੀਐਸਪੀ ਅਤੁਲ ਸੋਨੀ ਵੀ ਉਨ੍ਹਾਂ ਦੇ ਨਾਲ ਸਨ।