- ਬਹਿਬਲ ਇਨਸਾਫ਼ ਮੋਰਚਾ ਸ਼ਾਂਤੀ ਪੂਰਵਕ ਸਮਾਪਤ ਕਰਵਾਇਆ ਗਿਆ
ਫਰੀਦਕੋਟ, 23 ਦਸੰਬਰ : ਕੈਬਨਿਟ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮੋਰਚਾ ਅੱਜ ਸ਼ਾਂਤੀ ਪੂਰਵਕ ਸਮਾਪਤ ਕਰਵਾਇਆ ਗਿਆ। ਇਸ ਮੌਕੇ ਸ. ਬੈਂਸ ਨਾਲ ਸ਼੍ਰੀ ਇੰਦਰਜੀਤ ਸਿੰਘ ਨਿੱਜਰ, ਮੈਬਰ ਪੰਜਾਬ ਵਿਧਾਨ ਸਭਾ ਹਲਕਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੱਖਣੀ, ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸ਼ੇਖੋਂ ਹਾਜਰ ਸਨ। ਇਸ ਮੌਕੇ ਬੋਲਦਿਆਂ ਸ.ਬੈਂਸ ਨੇ ਕਿਹਾ ਕਿ ਇਹ ਮੋਰਚਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਜਾਰੀ ਸੀ, ਜੋ ਹੁਣ ਬਹੁਤ ਹੀ ਸ਼ਾਂਤੀ ਪੂਰਵਕ ਮਾਹੌਲ ਵਿਚ ਸਮਾਪਤ ਕਰਵਾ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਪ੍ਰੈਲ 2015 ਵਿਚ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਧਰਨਾ ਦੇ ਰਹੇ ਲੋਕਾਂ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੰਨੀਆਂ ਵੀ ਲੀਗਲ ਇਨਕੁਆਰੀਆਂ ਸਨ, ਚਾਰਜਸ਼ੀਟ, ਐਸਆਈਟੀ ਰਿਪੋਰਟਾਂ, ਉਹ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ। ਇਕ ਰਿਪੋਰਟ ਜੋ ਆਖਰੀ ਰਹਿੰਦੀ ਸੀ, ਉਹ ਵੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਸਾਰਾ ਮਾਮਲਾ ਅਦਾਲਤ ਅਧੀਨ ਹੈ ਅਤੇ ਪੰਜਾਬ ਸਰਕਾਰ ਅਦਾਲਤ ਵਿਚ ਇਸ ਸਬੰਧੀ ਮਾਹਿਰ ਵਕੀਲਾਂ ਰਾਂਹੀਂ ਪੈਰਵਾਈ ਕਰ ਰਹੀ ਹੈ। ਉਨ੍ਹਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਇਸ ਕੇਸ ਵਿੱਚ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਜਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਕਤਲ ਕੇਸ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐਸ.ਐਸ.ਪੀ ਫਰੀਦਕੋਟ, ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਐਸ.ਡੀ.ਐਮ ਕੋਟਕਪੂਰਾ ਵੀਰਪਾਲ ਕੌਰ, ਨਾਇਬ ਤਹਿਸੀਲਦਾਰ ਸ਼੍ਰੀ ਕਸ਼ਿਸ਼ ਗਰਗ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਸ. ਸੁਖਰਾਜ ਸਿੰਘ ਹਾਜਰ ਸਨ।