ਫ਼ਰੀਦਕੋਟ 01 ਨਵੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਬੀ.ਆਰ.ਐਸ. ਕਾਲਜ, ਘੁੱਦੂਆਲਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਕਰਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਬਹੁਤ ਨੁਕਸਾਨ ਹੈ ਅਤੇ 10 ਕੁਇੰਟਲ ਪਰਾਲੀ ਨੂੰ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ, 1.2 ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਜੈਵਿਕ ਮਾਦੇ ਦੇ ਸੜਨ ਨਾਲ ਬਹੁਤ ਸਾਰੇ ਸੂਖਮ ਜੀਵ, ਜਿਹਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਹੁੰਦੀ ਹੈ, ਉਹ ਵੀ ਸੜਕੇ ਸਵਾਹ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਕਿਵੇਂ ਪਰਾਲੀ ਦਾ ਧੂੰਆਂ ਸਾਡੀ ਸਿਹਤ, ਜ਼ਮੀਨ ਅਤੇ ਹਵਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦੌਰਾਨ ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ ਆਤਮਾ, ਫਰੀਦਕੋਟ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਅਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨੂੰ ਵਰਤ ਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਗਾਲ ਸਕਦੇ ਹਾਂ ਅਤੇ ਅਗਲੀ ਫਸਲ ਦੀ ਬਿਜਾਈ ਕਰ ਸਕਦੇ ਹਾਂ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ। ਇਸ ਸੈਮੀਨਾਰ ਵਿੱਚ ਜਸਵਿੰਦਰ ਕੌਰ, ਪ੍ਰਿੰਸੀਪਲ ਐਸ. ਡੀ. ਆਰ. ਐਸ. ਕਾਲਜ, ਘੁੱਦੂਆਲਾ ਅਤੇ ਸਮੂਹ ਸਟਾਫ ਤੋਂ ਇਲਾਵਾ ਲਗਭਗ 80 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।