- ਹਰਸਿਮਰਤ ਕੌਰ ਬਾਦਲ ਵੱਲੋਂ ਪਸ਼ੂਆਂ ਦੀ ਮੌਤ ਲਈ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ੇ ਦੀ ਮੰਗ
ਬਠਿੰਡਾ, 22 ਜਨਵਰੀ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਰਾਏਕਾ ਕਲਾਂ ਪਿੰਡ ਵਿਚ 200 ਤੋਂ ਜ਼ਿਆਦਾ ਦੁਧਾਰੂ ਪਸ਼ੂਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਪਸ਼ੂਆਂ ਵਿਚ ਬਿਮਾਰੀ ਨੂੰ ਹੋਰ ਪਿੰਡਾਂ ਵਿਚ ਫੈਲਣ ਤੋਂ ਰੋਕਣ ਵਾਸਤੇ ਢੁਕਵੇਂ ਕਦਮ ਚੁੱਕਣ ਦਾ ਸੱਦਾ ਦਿੱਤਾ। ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ, ਜਿਹਨਾਂ ਨੇ ਪਹਿਲਾਂ ਬੱਕਰੀਆਂ ਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਨੇ ਪਿੰਡ ਰਾਏਕਾ ਕਲਾਂ ਦੇ ਲੋਕਾਂ ਵਾਸਤੇ ਕੋਈ ਮੁਆਵਜ਼ਾ ਨਹੀਂ ਐਲਾਨਿਆ। ਉਨ੍ਹਾਂ ਚਿੰਤਾ ਜਤਾਈ ਕਿ ਹਾਲਾਂਕਿ ਲੋਕਾਂ ਨੇ ਪਿਛਲੇ ਪੰਜ ਤੋਂ ਛੇ ਦਿਨਾਂ ਵਿਚ ਤੇਜ਼ੀ ਨਾਲ ਫੈਲੀ ਬਿਮਾਰੀ ਵਿਚ ਆਪਣਾ ਸਾਰਾ ਪਸ਼ੂ ਧਨ ਗੁਆ ਲਿਆ ਹੈ।ਉਹਨਾਂ ਨੇ ਇੰਨੇ ਦਿਨਾਂ ਵਿਚ ਹਾਲਾਤ ਬਦ ਤੋਂ ਬਦਤਰ ਹੋਣ ਦੀ ਉਡੀਕ ਕਰਦਿਆਂ ਪਸ਼ੂ ਪਾਲਣ ਵਿਭਾਗ ਵੱਲੋਂ ਦੇਰੀ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਸ਼ੂ ਪਾਲਣ ਮੰਤਰਾਲੇ ਵੱਲੋਂ ਦੇਰੀ ਨਾਲ ਕਾਰਵਾਈ ਕਰਨ ਕਾਰਨ ਬਿਮਾਰੀ ਸੂਚ ਪਿੰਡ ਤੱਕ ਫੈਲ ਗਈ ਜਿਥੋਂ ਪਸ਼ੂਆਂ ਦੀ ਮੌਤ ਹੋਣ ਦੀਆਂ ਖਬਰਾਂ ਹਨ। ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਪ੍ਰਭਾਵਤ ਡੇਅਰੀ ਕਿਸਾਨਾਂ ਤੇ ਆਪਣੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਿਉਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨਾਲ ਵੀ ਉਸੇ ਤਰੀਕੇ ਵਿਤਕਰਾ ਹੋ ਰਿਹਾ ਹੈ ਜਿਵੇਂ ਲੱਖਾਂ ਕਿਸਾਨ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਅਤੇ ਗੁਲਾਬੀ ਸੁੰਡੀ ਦੇ ਹਮਲੇ ਵਿਚ ਆਪਣੀਆਂ ਫਸਲਾਂ ਗੁਆਉਣ ਦੇ ਬਾਵਜੂਦ ਮੁਆਵਜ਼ੇ ਦੀ ਉਡੀਕ ਵਿਚ ਹਨ। ਬੀਬੀ ਬਾਦਲ ਨੇ ਕਿਹਾ ਕਿ ਅੰਨਦਾਤਾ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ ਜਦੋਂ ਕਿ ਪਬਲੀਸਿਟੀ ਸਟੰਟ ’ਤੇ 1 ਹਜ਼ਾਰ ਕਰੋੜ ਰੁਪਏ ਫੂਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਸ਼ੂ ਪਾਲਣ ਵਿਭਾਗ ਪ੍ਰਭਾਵਤ ਕਿਸਾਨਾਂ ਅਤੇ ਨਾਲ ਲੱਗਵੇਂ ਪਿੰਡਾਂ ਵਿਚ ਡੇਅਰੀ ਪਾਲਕਾਂ ਨੂੰ ਲੋੜੀਂਦੀਆਂ ਦਵਾਈਆਂ ਪ੍ਰਦਾਨ ਕਰੇ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਬਿਮਾਰੀ ਨੂੰ ਹੋਰ ਪਿੰਡਾਂ ਵਿਚ ਫੈਲਣ ਤੋਂ ਰੋਕਣ ਵਾਸਤੇ ਕਦਮ ਚੁੱਕਣ ਵਿਚ ਨਾਕਾਮ ਰਹਿਣ ਕਾਰਨ ਪਸ਼ੂ ਪਾਲਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਪਸ਼ੂ ਹਸਪਤਾਲਾਂ ਵਿਚ ਲੋੜੀਂਦੀਆਂ ਦਵਾਈਆਂ ਮੌਜੂਦ ਨਹੀਂ ਹਨ ਜਿਸ ਕਾਰਨ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ।