- ਡੀ.ਜੀ.ਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਫ਼ਰੀਦਕੋਟ ਵਿੱਚ ਪਹਿਲੇ ਦਿਨ 11 ਪਰਚੇ ਹੋਏ ਦਰਜ
- ਜ਼ਿਲ੍ਹੇ ਦੇ 8 ਥਾਣਿਆਂ ਦੀਆਂ 16 ਟੀਮਾਂ ਕਰ ਰਹੀਆਂ ਹਨ ਗਸ਼ਤ
ਫ਼ਰੀਦਕੋਟ, 09 ਨਵੰਬਰ : ਭਾਰਤ ਦੀ ਸਰਵ-ਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਡੀ.ਜੀ.ਪੀ ਪੰਜਾਬ ਵੱਲੋਂ ਜਾਰੀ ਪਰਾਲੀ ਨਾ ਸਾੜਨ ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਇੱਕ ਦਿਨ ਬਾਅਦ ਅੱਜ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ 11 ਪਰਚੇ ਦਰਜ ਕੀਤੇ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਸ. ਹਰਜੀਤ ਸਿੰਘ ਵਲੋਂ ਕੱਲ ਦੇਰ ਸ਼ਾਮ ਸਮੂਹ ਐਸ.ਐਚ.ਓਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਏ ਗਏ ਨੋਡਲ ਅਫਸਰਾਂ ਨਾਲ ਇਸ ਮਸਲੇ ਦੇ ਹਰ ਪਹਿਲੂ ਤੇ ਚਰਚਾ ਕੀਤੀ ਗਈ ਸੀ ਅਤੇ ਸਰਵ ਉੱਚ ਅਦਾਲਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਨੂੰ ਸੈਕਟਰਾਂ ਵਿੱਚ ਵੰਡ ਕੇ ਪੁਲਿਸ ਅਧਿਕਾਰੀਆਂ ਦਾ ਤਾਲਮੇਲ ਐਸ.ਐਚ.ਓਜ ਨਾਲ ਕਰਵਾਇਆ ਜਾਵੇ ਤਾਂ ਜੋ ਵੱਧ ਰਹੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਮਾਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਫ਼ਰੀਦਕੋਟ ਜ਼ਿਲੇ ਵਿੱਚ ਹੁਣ ਤੱਕ 150 ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਮੰਦਭਾਗੀ ਆਖਦਿਆਂ ਅਦਾਲਤ ਦੇ ਹੁਕਮਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਹਰ ਥਾਣੇ ਵਿੱਚ 2 ਪੁਲਿਸ ਪਾਰਟੀਆਂ ਬਣਾਈਆਂ ਜਾਣ, ਜਿਨ੍ਹਾਂ ਦਾ ਤਾਲਮੇਲ ਸਿਵਲ ਪ੍ਰਸ਼ਾਸਨ ਦੇ ਨੋਡਲ ਅਫਸਰਾਂ ਨਾਲ ਕਰਵਾਇਆ ਜਾਵੇ। ਐਸ.ਐਸ.ਪੀ. ਸ. ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 8 ਥਾਣੇ ਹਨ ਅਤੇ 2 ਪੁਲਿਸ ਪਾਰਟੀਆਂ ਦੇ ਹਿਸਾਬ ਨਾਲ 16 ਪੁਲਿਸ ਪਾਰਟੀਆਂ ਅੱਜ ਤੋਂ ਹੀ ਦਿਨ-ਰਾਤ ਗਸ਼ਤ ਕਰਕੇ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਸਨਾਖਤ ਕਰਨਗੀਆਂ ਅਤੇ ਉਨ੍ਹਾਂ ਤੇ ਪਰਚੇ ਦਰਜੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਇਸ ਸਾਂਝੀ ਕਾਰਗੁਜ਼ਾਰੀ ਦੀ ਸਮੀਖਿਆ ਹਰ ਰੋਜ਼ ਕੀਤੀ ਜਾਵੇ। ਹਰ ਪੁਲਿਸ ਪਾਰਟੀ ਦਾ ਇੰਚਾਰਜ ਐਸ.ਐਚ.ਓ ਹੋਵੇਗਾ ਜੋ ਕਿ ਸਿੱਧੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੁੱਖੀ ਨੂੰ ਜਵਾਬਦੇਹ ਹੋਵੇਗਾ। ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1.05 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ ਅਤੇ ਬਾਸਮਤੀ ਦੇ ਹੇਠ 10 ਹਜ਼ਾਰ ਹੈਕਟੇਅਰ ਰਕਬਾ ਹੈ। ਉਨ੍ਹਾਂ ਦੱਸਿਆ ਕਿ ਅੰਦਾਜਨ ਕੁੱਲ ਪਰਾਲੀ 7.375 ਲੱਖ ਟਨ ਹੈ। ਜਿਸ ਵਿੱਚੋਂ ਇਨ-ਸਿਟੂ-ਮੈਨੇਜਮੈਂਟ (ਖੇਤ ਵਿੱਚ ਹੀ ਪਰਾਲੀ ਬਿਨਾਂ ਸਾੜੇ ਮਸ਼ੀਨ ਰਾਹੀਂ ਕਣਕ ਦੀ ਬਿਜਾਈ) ਦਾ ਟੀਚਾ 2.3192 ਲੱਖ ਟਨ ਹੈ। ਐਕਸ-ਸਿਟੂ (ਪਰਾਲੀ ਰਾਹੀਂ ਗੱਠਾਂ ਬਣਾ ਕੇ ਕਣਕ ਦੀ ਬਿਜਾਈ) ਦਾ ਟੀਚਾ 2.27 ਲੱਖ ਟਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਸਾਲ 2022-23 ਤੋਂ ਹੁਣ ਤੱਕ ਸਬਸਿਡੀ ਤੇ ਕੁੱਲ 6028 ਮਸ਼ੀਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ। ਜਿਸ ਵਿੱਚ ਬੇਲਰ, ਹੈਪਸੀਡਰ, ਮਲਚਰ, ਰੋਟਾਵੇਟਰ, ਸਰਫੇਸ ਸੀਡਰ, ਸੁਪਰ ਐਸ.ਐਮ.ਐਸ, ਸੁਪਰ ਸੀਡਰ, ਜੀਰੋ ਟਿੱਲ ਡਰਿੱਲ, ਆਰ.ਐਮ.ਬੀ ਪਲੋਅ ਆਦਿ ਹਨ।