ਰਾਮਪੁਰਾ, 08 ਨਵੰਬਰ : ਰਾਮਪੁਰਾ ਦੇ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿੱਦਿਆਂ ਮੰਦਰ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਬੀਤੇ ਦੋ ਦਿਨਾਂ ਦੌਰਾਨ ਲੱਖਾ ਸਿਧਾਣਾ ਵੱਲੋਂ ਸਕੂਲ ’ਚ ਹੰਗਾਮਾ ਕਰਨ ਦੇ ਮਾਮਲੇ ’ਚ ਆਪਣਾ ਪੱਖ ਰੱਖਿਆ ਅਤੇ ਘਟਨਾਵਾਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਵਿੱਦਿਆ ਭਾਰਤੀ ਪੰਜਾਬ ਦੇ ਜੱਥੇਬੰਦਕ ਸਕੱਤਰ ਰਜਿੰਦਰ ਕੁਮਾਰ ਨੇ ਅੱਜ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਸੰਸਕਾਰੀ ਤੇ ਨਰਮ ਹਾਂ ਸਾਨੂੰ ਕੰਮਜੋਰ ਨਾਂ ਸਮਝਣ ਦੀ ਭੁੱਲ ਨਾਂ ਕੀਤੀ ਜਾਏ। ਲੱਖਾ ਸਿਧਾਣਾ ਵੱਲੋਂ ਆਪਣੇ ਸਾਥੀਆਂ ਨਾਲ ਕੀਤੇ ਹੰਗਾਮੇ ਨੂੰ ਲੈਕੇ ਉਨ੍ਹਾਂ ਕਿਹਾ ਕਿ ਸਕੂਲ ਚਲਾਉਣ ਵਾਲੀ ਸੰਸਥਾ ਨੂੰ ਕੋਈ ਦਬਾਅ ਲਵੇਗਾ ਇਹ ਉਸ ਦੀ ਭੁੱਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਕੂਲ ਪ੍ਰਬੰਧਕਾਂ ਜਾਂ ਸਟਾਫ ਨੂੰ ਲੈਕੇ ਕੋਈ ਦਿੱਕਤ ਸੀ ਤਾਂ ਸਕੂਲ ਦੀ ਕਮੇਟੀ ਜਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਕੋਲ ਸ਼ਕਾਇਤ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕੁੱਝ ਲੋਕਾਂ ਵੱਲੋਂ ਬੇਲੋੜਾ ਅਤੇ ਬਿਨਾਂ ਮਤਲਬ ਦਾ ਹੰਗਾਮਾ ਕਰਕੇ ਸਕੂਲ ਦੀ ਮਰਿਯਾਦਾ ਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਜੋਕਿ ਸਿੱਖਿਆ ਵਰਗੇ ਅਹਿਮ ਮਾਮਲੇ ’ਚ ਚਿੰਤਾਜਨਕ ਹੈ। ਸਕੂਲ ਵਿੱਚ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਲੈਕੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਜਰੂਰੀ ਵਿਸ਼ਿਆ ਅਨੁਸਾਰ ਪੰਜਾਬੀ ਮਾਂ ਬੋਲੀ ਪੜ੍ਹਾਈ ਵੀ ਜਾਂਦੀ ਹੈ ਤੇ ਪੂਰੀ ਤਰਾਂ ਸਤਿਕਾਰ ਵੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਵੀ ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨੂੰ ਕੋਈ ਪੰਜਾਬੀ ਭਾਸ਼ਾ ਦੇ ਸਬੰਧ ’ਚ ਸ਼ਕਾਇਤ ਹੈ ਤਾਂ ਉਹ ਸਕੂਲ ਪ੍ਰਬੰਧਕ ਕਮੇਟੀ , ਜਿਲ੍ਹਾ ਸਿੱਖਿਆ ਅਫਸਰ ਜਾਂ ਫਿਰ ਸੀ ਬੀ ਐਸ ਸੀ ਦੇ ਅਧਿਕਾਰੀਆਂ ਨੂੰ ਭੇਜ਼ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆ ਕੇ ਸਕੂਲ ਦਾ ਮਾਹੌਲ ਖਰਾਬ ਕਰਨਾ ਗਲਤ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਵਿੱਦਿਆ ਭਾਰਤੀ ਪੰਜਾਬ ਦੇ ਜਰਨਲ ਸਕੱਤਰ ਡਾ. ਨਵਦੀਪ ਸ਼ੇਖਰ, ਵਿੱਤ ਸਕੱਤਰ ਵਿਜੈ ਠਾਕੁਰ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਕਰਮਜੀਤ ਸਿੰਘ ਪਰਮਾਰ ਤੋਂ ਇਲਾਵਾ ਸਕੂਲ ਕਮੇਟੀ ਦੇ ਸਰਪ੍ਰਸਤ ਰਾਜ ਕੁਮਾਰ, ਤਰਸੇਮ ਜੇਠੀ, ਯਸਪਾਲ ਗੋਇਲ ਅਤੇ ਸਕੂਲ ਦੀ ਵਾਇਸ ਪ੍ਰਿਸ਼ੀਪਲ ਊਸ਼ਾ ਗੋਇਲ ਵੀ ਹਾਜ਼ਰ ਸਨ।