- ਫਸਲ ਦੀ ਆਮਦ ਅਤੇ ਵਿਕਰੀ ਤੇ ਤਸੱਲੀ ਦਾ ਕੀਤਾ ਪ੍ਰਗਟਾਵਾ
- ਸੂਬੇ ਅੰਦਰ 92 ਲੱਖ ਮੀਟਰਕ ਟਨ ਝੋਨੇ ਦੀ ਹੁਣ ਤੱਕ ਕੀਤੀ ਗਈ ਖਰੀਦ
- ਐਮ.ਐਲ.ਏ ਸੇਖੋਂ, ਡੀ.ਸੀ ਅਤੇ ਐਸ.ਐਸ.ਪੀ ਉੱਚੇਚੇ ਤੌਰ ਤੇ ਰਹੇ ਹਾਜ਼ਰ
- ਜਿਲੇ ਦੀਆਂ ਮੰਡੀਆਂ ਵਿੱਚ ਕੱਲ ਸ਼ਾਮ ਤੱਕ 346004 ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ
ਫਰੀਦਕੋਟ, 31 ਅਕਤੂਬਰ : ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਫਰੀਦਕੋਟ ਦਾਣਾ ਮੰਡੀ ਦਾ ਦੌਰਾ ਕੀਤਾ। ਫ਼ਰੀਦਕੋਟ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ, ਡੀ.ਸੀ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਸ.ਹਰਜੀਤ ਸਿੰਘ ਉੱਚੇਚੇ ਤੌਰ ਤੇ ਹਾਜ਼ਰ ਸਨ। ਦੌਰੇ ਦੌਰਾਨ ਜਿੱਥੇ ਉਨ੍ਹਾਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਮਾਰਕਿਟ ਕਮੇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਮੰਡੀ ਵਿੱਚ ਝੋਨੇ ਦੀ ਆਮਦ ਸਬੰਧੀ ਜਾਣਕਾਰੀ ਇੱਕਤਰ ਕੀਤੀ, ਉੱਥੇ ਨਾਲ ਹੀ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣਿਆ। ਮੰਡੀ ਵਿੱਚ ਲੱਗੀਆਂ ਢੇਰੀਆਂ ਤੇ ਪਹੁੰਚ ਕੇ ਖੁਰਾਕ ਮੰਤਰੀ ਨੇ ਆ ਰਹੀ ਫਸਲ ਦੀ ਨਮੀ ਬਾਰੇ ਪੁੱਛਿਆ ਜਿਸ ਦੇ ਉਤਰ ਵਜੋਂ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੀ ਆਮਦ ਕਾਫੀ ਹੱਦ ਤੱਕ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਆਈ ਹੈ।