- ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ, 26 ਮਈ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਲੋਟ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਾਇਜ਼ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇੇ ਆਧਾਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਇਸ ਮੌਕੇ ਉਹਨਾਂ ਮਲੋਟ ਵਿਖੇ ਲੋਕਾਂ ਦੀਆਂ ਆਮ ਜਰੂਰਤਾਂ ਜਿਵੇਂ ਪੀਣ ਵਾਲਾ ਸਾਫ ਪਾਣੀ, ਸੀਵਰੇਜ਼ ਦੀ ਸਮੱਸਿਆ, ਗਲੀਆਂ ਬਣਾਉਣ, ਗੰਦਗੀ ਦੇ ਢੇਰ, ਅਤੇ ਬਿਜਲੀ ਨਾਲ ਸਬੰਧਤ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਕੈਬਨਿਟ ਮੰਤਰੀ ਵੱਲੋਂ ਦੌਰੇ ਦੌਰਾਨ ਮਲੋਟ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਇਲਾਵਾ ਪਿੰਡ ਘੁਮਿਆਰਾ ਅਤੇ ਮਹਾਂਬੱਧਰ ਵਿਖੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਤੇ ਜਾਇਜ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਡੀ ਐਸ ਪੀ ਬਲਕਾਰ ਸਿੰਘ, ਐਸ ਡੀ ਓ ਬਲਦੇਵ ਸਿੰਘ , ਐਸ ਡੀ ਓ ਰਾਕੇਸ਼ ਮੋਹਨ ਮੱਕੜ, ਮਲੋਟ ਦੇ ਪ੍ਰਧਾਨ ਜ਼ਸਮੀਤ ਸਿੰਘ ਬਰਾੜ, ਸਰਪੰਚ ਸੁੱਖਪਾਲ ਸਿੰਘ , ਜਗਦੇਵ ਸੰਧੂ, ਰਮੇਸ਼ ਅਰਨੀਵਾਲਾ, ਪਰਮਜੀਤ ਗਿੱਲ, ਜਗਨਨਾਥ ਸਰਮਾ, ਰਾਜੂ ਸਰਮਾ, ਗੁਰਪ੍ਰੀਤ ਸਿੰਘ ਵਿਰਦੀ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।