ਪਟਿਆਲਾ, 18 ਦਸੰਬਰ : ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਪੈਸ਼ਲ ਜਾਂਚ ਟੀਮ ਵੱਲੋਂ ਅੱਜ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ। SIT ਨੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਦਫ਼ਤਰ ਵਿੱਚ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਹੈ। 7 ਦਿਨ ਪਹਿਲਾਂ ਦਿੱਤੇ ਨੋਟਿਸ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਅੱਜ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਇਹ ਨੋਟਿਸ ਮਜੀਠੀਆ ਦੇ ਪੁਰਾਣੇ ਐਨਡੀਪੀਐਸ ਕੇਸ ਵਿੱਚ ਆਇਆ ਹੈ, ਜਿਸ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਦੋ ਦਿਨ ਪਹਿਲਾਂ 16 ਦਸੰਬਰ ਨੂੰ ਡਰੱਗ ਮਾਮਲੇ ਵਿੱਚ SIT ਨੇ ਬੀਜੇਪੀ ਲੀਡਰ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਵੀ ਪੁੱਛਗਿੱਛ ਕੀਤੀ ਸੀ। ਅਮਰਪਾਲ ਸਿੰਘ ਬੋਨੀ ਅਜਨਾਲਾ ਅਕਾਲੀ ਦਲ ਦੀ ਟਿਕਟ ਤੋਂ ਵਿਧਾਇਕ ਵੀ ਰਹਿ ਚੁੱਕੇ ਸਨ। ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਟਿਆਲਾ ਪਹੁੰਚ ਕੇ ਐਸਆਈਟੀ ਅੱਗੇ ਪੇਸ਼ ਹੋ ਕੇ ਸਪੱਸ਼ਟ ਕਿਹਾ ਸੀ ਕਿ ਉਹ ਆਪਣੀ ਗੱਲ ‘ਤੇ ਅਜੇ ਵੀ ਕਾਇਮ ਹਨ। ਗੌਰਤਲਬ ਹੈ ਕਿ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਮੋਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਿਆ ਸੀ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ 11 ਅਗਸਤ ਨੂੰ ਬਾਹਰ ਆ ਗਏ ਸਨ।
ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ : ਬਿਕਰਮ ਸਿੰਘ ਮਜੀਠੀਆ
ਅੱਜ ਬਿਕਰਮ ਸਿੰਘ ਮਜੀਠੀਆ ਪਟਿਆਲਾ ਵਿਖੇ ਸਿੱਟ ਦੇ ਦਫਤਰ ਵਿੱਚ ਪੇਸ਼ ਹੋਏ । ਇੱਥੇ ਦੱਸ ਦਈਏ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਸੰਮਣ ਜਾਰੀ ਹੋਏ ਸਨ। ਇਹ ਸੰਮਨ ਪੁਰਾਣੇ ਡਰੱਗ ਕੇਸ ਨਾਲ ਸੰਬੰਧਿਤ ਹਨ। ਇਸ ਮੌਕੇ ਮਜੀਠੀਆ ਨੇ ਮੀਡੀਆ ਨੂੰ ਸੰਬੋਧਨ ਹੁੰਦੇ ਆਖਿਆ ਕਿ ਇਹ ਸਿੱਟ ਭਗਵੰਤ ਮਾਨ ਮੁੱਖ ਮੰਤਰੀ ਚਲਾ ਰਹੇ ਹਨ। ਉਹਨਾਂ ਆਖਿਆ ਕਿ ਇਹ ਇੱਕ ਬੱਚੀ ਦੇ ਹੱਕ ਵਿੱਚ ਖੜੇ ਹੋਣ ਦੀ ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ। ਮਜੀਠੀਆ ਨੇ ਅੱਗੇ ਆਖਿਆ ਕਿ ਦੋ ਸਾਲ ਤੋਂ ਇਹ ਕੇਸ ਠੱਪ ਪਿਆ ਸੀ ਇਸ ਨੂੰ ਅਚਾਨਕ ਸ਼ੁਰੂ ਕਰਨਾ ਬਦਲੇ ਦੀ ਭਾਵਨਾ ਦਰਸਾਉਂਦਾ ਹੈ। ਮਜੀਠੀਆ ਨੇ ਅੱਗੇ ਆਖਿਆ ਕਿ ਮੈਂ ਕਿਸੇ ਤੋਂ ਨਹੀਂ ਡਰਦਾ, ਨਾ ਹੀ ਮੈਂ ਗ੍ਰਿਫਤਾਰੀ ਤੋਂ ਡਰਦਾ ਹਾਂ। ਸੀਨੀਅਰ ਅਕਾਲੀ ਆਗੂ ਨੂੰ 7 ਦਿਨ ਪਹਿਲਾਂ ਹੀ ਨੋਟਿਸ ਜਾਰੀ ਹੋਇਆ ਹੈ। ਜਿਸ 'ਤੇ ਬਿਕਰਮ ਸਿੰਘ ਮਜੀਠੀਆ ਨੇ ਸੀ.ਐੱਮ. ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਐੱਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁਖੀ ਦੀ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐੱਸਆਈਟੀ ਬਣਾ ਲੈਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ। ਜਦੋਂ ਸ਼ਹੀਦੀ ਮਹੀਨਾ ਪੂਰਾ ਹੋਵੇਗਾ, ਉਹ ਹਰ ਗੱਲ ਦਾ ਜਵਾਬ ਦੇਣਗੇ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਈ.ਡੀ. ਨੂੰ ਸੱਦਿਆ ਪਰ ਉਹ ਭਗਵੰਤ ਮਾਨ ਦੇ ਜਹਾਜ਼ 'ਚ ਭੱਜ ਗਏ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹਨ, ਇਸ ਲਈ ਸਿੱਟ ਅੱਗੇ ਪੇਸ਼ ਹੋਣ ਲਈ ਆਏ ਹਨ। ਮਜੀਠੀਆ ਨੇ ਕਿਹਾ ਕਿ 31 ਤਰੀਕ ਨੂੰ ਸਿੱਟ ਦੇ ਮੁਖੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਹੈ ਤੇ ਇਸ ਲਈ ਹੁਣ ਭਗਵੰਤ ਆਪ ਹੀ ਸਿੱਟ ਮੁਖੀ ਬਣ ਕੇ ਆਪਣੀ ਮਰਜ਼ੀ ਕਰ ਲੈਣ।