- ਗੁਰਮੀਤ ਕੁਮਾਰ ਬਾਂਸਲ ਨੇ ਸੜਕ ਸੁਰੱਖਿਆ ਮਹੀਨੇ ਦੇ ਪਹਿਲੇ ਦਿਨ ਕੀਤੀ ਸਕੂਲ ਬੱਸਾਂ ਦੀ ਚੈਕਿੰਗ ਅਤੇ ਰੋਡ ਸੇਫਟੀ ਨਿਯਮਾਂ ਤੋਂ ਕਰਵਾਇਆ ਅਵਗਤ
- ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵਾਹਨਾਂ ਦੀ ਚੈਕਿੰਗ, ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਬਾਂਸਲ
ਮਾਲੇਰਕੋਟਲਾ 19 ਜਨਵਰੀ : ਸਹਾਇਕ ਕਮਿਸ਼ਨਰ ਕਮ ਆਰ.ਟੀ.ਓ ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਅਤੇ ਡੀ.ਐਸ.ਪੀ. ਸ੍ਰੀ ਰਣਜੀਤ ਸਿੰਘ ਵਲੋਂ ਜ਼ਿਲ੍ਹੇ ਵਿੱਚ 14 ਫਰਵਰੀ ਤੱਕ ਚੱਲਣ ਵਾਲੇ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਸਕੂਲੀ ਬੱਸਾਂ ਦੀ ਚੈਕਿੰਗ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਲਈ ਚੈਕਿੰਗ ਮੁਹਿੰਮ ਆਰੰਭ ਕੇ ਕੀਤੀ । ਉਨ੍ਹਾਂ ਸੜਕੀ ਹਾਦਸਿਆਂ ਅਤੇ ਹਾਦਸਿਆਂ ਵਿੱਚ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦੀ ਦਰ ਘਟਾਉਣ ਲਈ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋਣ ਵਾਲੇ ਹਾਦਸਿਆਂ ਦੀ ਗੰਭੀਰ ਸਥਿਤੀ ਤੋਂ ਜਾਣੂ ਕਰਵਾਉਂਣ ,ਟਰੈਫਿਕ ਨਿਯਮਾਂ ਬਾਰੇ ਖੁੱਦ ਸਾਵਧਾਨ ਹੋਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ । ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਅੰਦਰਲੇ ਖੇਤਰ ਵਿੱਚ ਵਿਸ਼ੇਸ ਚੈਕਿੰਗ ਮੁਹਿੰਮ ਆਰੰਭੀ ਗਈ । ਵੱਖ ਵੱਖ ਨਿਯਮਾਂ ਤਹਿਤ ਕਰੀਬ 25 ਚਾਲਾਣ ਕੱਟੇ ਗਏ । ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਮਹੀਨੇ ਦੌਰਾਨ ਚੈਕਿੰਗ ਡਰਾਇਵ ਲਗਾਤਾਰ ਜਾਰੀ ਰਹੇਗੀ । ਉਨ੍ਹਾਂ ਸਕੂਲ ਮੁੱਖੀਆਂ ਨੂੰ ਸੇਫ਼ ਸਕੂਲ ਵਾਹਨ ਸਕੀਮ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਸਕੂਲ ਆਉਣ- ਜਾਣ ਨੂੰ ਸੁਰੱਖਿਅਤ ਬਣਾਉਣ ਲਈ ਲਾਗੂ ਕੀਤੀ ਗਈ 'ਸੇਫ਼ ਸਕੂਲ ਵਾਹਨ ਪਾਲਿਸੀ' ਨੂੰ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਸਕੂਲੀ ਵਾਹਨਾਂ ਦੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ । ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਹੀ ਸੜਕ ਹਾਦਸੇ ਹੁੰਦੇ ਹਨ, ਇਸ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਸਹਾਇਕ ਕਮਿਸ਼ਨਰ ਕਮ ਆਰ.ਟੀ.ਏ ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਸੜਕ ਸੁਰੱਖਿਆ ਮਹੀਨੇ ਲਈ ਸਬੰਧਤ ਵਿਭਾਗ ਵੱਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਸਾਈਕਲ/ਦੋ-ਪਹੀਆ ਵਾਹਨ ਰੈਲੀਆਂ, ਟਰਾਂਸਪੋਰਟ ਵਾਹਨਾਂ ’ਤੇ ਰੈਟਰੋ-ਰਿਫਲੈਕਟਿਵ ਟੇਪਾਂ ਲਗਾਉਣਾ, ਡਰਾਈਵਰਾਂ ਨਾਲ ਨੁੱਕੜ ਗੱਲਬਾਤ, ਸੀਟ ਬੈਲਟ ਤੇ ਹੈਲਮੇਟ ਬਾਰੇ ਜਾਗਰੂਕਤਾ ਮੁਹਿੰਮਾਂ ਅਤੇ ਰੈੱਡ ਲਾਈਟ ਦੀ ਉਲੰਘਣਾ, ਓਵਰਸਪੀਡਿੰਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਿਰੁੱਧ ਵਿਸ਼ੇਸ਼ ਮੁਹਿੰਮਾਂ ਸ਼ਾਮਲ ਹਨ। ਸੜਕਾਂ ਦੇ ਕਿਨਾਰੇ ‘ਤੇ ਉੱਗੀ ਬਨਸਪਤੀ ਦੀ ਸਫ਼ਾਈ, ਸਾਇਨ ਬੋਰਡ ਲਗਾਉਣ ਅਤੇ ਸਟਰੀਟ ਲਾਈਟਾਂ ਸਬੰਧੀ ਮੁੱਦਿਆਂ ਦਾ ਹੱਲ ਕਰਨ ਅਤੇ ਦੁਰਘਟਨਾ ਵਾਲੇ ਸਥਾਨਾਂ ਦੀ ਪਛਾਣ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸੜਕ ਸੁਰੱਖਿਆ ਬਾਰੇ ਵਾਕਥੌਨ, ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਤੇ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਹਿਯੋਗ ਨਾਲ ਡਰਾਈਵਰਾਂ ਲਈ ਮੈਡੀਕਲ/ਅੱਖਾਂ ਦੇ ਚੈਕਅੱਪ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਣਗੇ ਅਤੇ ਵਾਹਨਾਂ ਲਈ ਓਵਰਲੋਡਿੰਗ ਅਤੇ ਫਿਟਨੈਸ ਸਰਟੀਫਿਕੇਟ ਬਾਰੇ ਜਾਗਰੂਕ ਕੀਤਾ ਜਾਵੇਗਾ।