- ਡੀਸੀ ਤੇ ਐਸਐਸਪੀ ਦੋਨੋ ਪਹੁੰਚੇ ਖੇਤਾਂ ਵਿਚ, ਕੋਲ ਖੜਕੇ ਬੁਝਾਈ ਅੱਗ
- ਮੁੜ ਕੀਤੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ
- ਕਿਹਾ, ਉਲੰਘਣਾ ਕਰਨ ਤੇ ਨਿਯਮਾਂ ਅਨੁਸਾਰ ਹੋਵੇਗੀ ਕਾਰਵਾਈ
ਫਾਜਿਲ਼ਕਾ, 9 ਨਵੰਬਰ : ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ ਕਾਰਨ ਕਿਸਾਨਾਂ ਦੀਆਂ ਜਮੀਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਦੋਨੋਂ ਅੱਜ ਕਿਸਾਨਾਂ ਦੇ ਖੇਤਾਂ ਵਿਚ ਪਹੁੰਚੇ ਅਤੇ ਦੋਨਾਂ ਅਧਿਕਾਰੀਆਂ ਨੇ ਥਾਂ ਥਾਂ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਇਸ ਦੌਰਾਨ ਜਿੱਥੇ ਕਿਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਜਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਉਸਦੀ ਰਹਿੰਦ ਖੁਹੰਦ ਨੂੰ ਅੱਗ ਲਗਾਈ ਗਈ ਸੀ ਉੁਥੇ ਮੌਕੇ ਤੇ ਹੀ ਇੰਨ੍ਹਾਂ ਅਧਿਕਾਰੀਆਂ ਨੇ ਇਹ ਅੱਗ ਬੁਝਵਾਈ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲਾ ਪ੍ਰਦੁਸ਼ਣ ਤਾਂ ਇਕ ਵੱਖਰਾ ਵਿਸ਼ਾ ਹੈ ਪਰ ਅਸਲ ਵਿਚ ਪਰਾਲੀ ਸਾੜ ਕੇ ਕਿਸਾਨ ਆਪਣਾ ਸਭ ਤੋਂ ਵੱਡਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਕਿਸਾਨ ਆਪਣੀ ਜਮੀਨ ਦੇ ਪੋਸ਼ਕ ਤੱਤ ਸਾੜ ਰਿਹਾ ਹੈ ਜਿਸ ਨਾਲ ਜਮੀਨ ਲਗਾਤਾਰ ਬੰਜਰ ਹੁੰਦੀ ਜਾ ਰਹੀ ਹੈ। ਇਸ ਲਈ ਕਿਸਾਨ ਨੂੰ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਪਰਾਲੀ ਸਾੜਨੀ ਬੰਦ ਕਰਨੀ ਹੀ ਪਵੇਗੀ ਅਤੇ ਨਾਲ ਹੀ ਇਸ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰਨੀ ਪਵੇਗੀ ਤਾਂ ਜੋ ਜਮੀਨ ਦਾ ਕਾਰਬਨਿਕ ਮਾਦਾ ਵਧੇ ਅਤੇ ਜਮੀਨ ਉਪਜਾਊ ਬਣੇ। ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਵੀ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਹਨ ਅਤੇ ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰਕੇ ਪਰਾਲੀ ਨੂੰ ਅੱਗ ਲਗਾਏਗਾ ਤਾਂ ਮਜਬੂਰੀ ਵਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਫਾਜਿ਼ਲਕਾ ਜਲਾਲਾਬਾਦ ਰੋਡ ਤੇ ਪੈਂਦੇ ਪਿੰਡਾਂ ਤੋਂ ਇਲਾਵਾ ਪਿੰਡ, ਬਾਧਾ, ਝੁੱਗੇ ਗੁਲਾਬ ਸਿੰਘ, ਬਹਿਕ ਖਾਸ ਦਾ ਵੀ ਦੌਰਾ ਕੀਤਾ। ਪਿੰਡ ਬਹਿਕ ਖਾਸ ਵਿਚ ਮੌਕੇ ਤੇ ਫਾਇਰ ਬ੍ਰੀਗੇਡ ਬੁਲਾ ਕੇ ਡੀਸੀ ਅਤੇ ਐਸਐਸਪੀ ਨੇ ਕੋਲ ਖੜ੍ਹ ਕੇ ਖੇਤ ਨੂੰ ਲੱਗੀ ਅੱਗ ਬੁਝਵਾਈ। ਜਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਸ ਕਿਸੇ ਇਲਾਕੇ ਵਿਚ ਪਰਾਲੀ ਸੜੇਗੀ ਉਸ ਇਲਾਕੇ ਦੇ ਐਸਐਚਓ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ, ਜਿਸਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਪਿੰਡਾਂ ਅਤੇ ਖੇਤਾਂ ਦਾ ਦੌਰਾ ਕਰ ਰਹੀਆਂ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ , ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਅਤੇ ਹਰਪ੍ਰੀਤ ਕੌਰ ਵੀ ਹਾਜਰ ਸਨ।