ਕੋਟਕਪੂਰਾ, 15 ਜਨਵਰੀ : ਸਥਾਨਕ ਜੈਤੋ ਸੜਕ ’ਤੇ ਸਥਿੱਤ ਫੇਰੂਮਾਨ ਚੌਂਕ ਨੇੜੇ ਕੰਵਰਜੀਤ ਸਿੰਘ ਸੇਠੀ ਦੇ ਪਰਿਵਾਰ ਵਲੋਂ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਸਮੇਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦੇ ਸ਼ੁੱਭ ਦਿਹਾੜੇ ਮੌਕੇ ਲਾਏ ਗਏ ਖੀਰ ਦੇ ਲੰਗਰ ਵਿੱਚ ਪੁੱਜੇ। ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪੰਜਾਬ ਗੁਰੂਆਂ-ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਜਿਸ ਧਰਤੀ ਉੱਪਰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਜਾਂ ਇਤਿਹਾਸਕ ਦਿਹਾੜਿਆਂ ਮੌਕੇ ਸੰਗਤਾਂ ਲਈ ਸ਼ਰਧਾਲੂਆਂ ਵਲੋਂ ਭਾਂਤ-ਭਾਂਤ ਦੇ ਲੰਗਰ ਲਾਏ ਜਾਂਦੇ ਹਨ। ਸਪੀਕਰ ਸੰਧਵਾਂ ਨੇ ਦੱਸਿਆ ਕਿ ਉਹ ਚੰਡੀਗੜ ਤੋਂ ਕੋਟਕਪੂਰਾ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਹਰ ਪਿੰਡ, ਸ਼ਹਿਰ ਅਤੇ ਕਸਬੇ ਦੇ ਸ਼ਰਧਾਲੂਆਂ ਵਲੋਂ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਲਈ ਭਾਂਤ ਭਾਂਤ ਦੇ ਲੰਗਰ ਲਾਏ ਹੋਏ ਸਨ ਅਤੇ ਰਾਹਗੀਰਾਂ ਨੂੰ ਰੋਕ ਰੋਕ ਕੇ ਲੰਗਰ ਛਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਉਹਨਾਂ ਸੇਠੀ ਪਰਿਵਾਰ ਅਤੇ ਪੱਪੂ ਲਹੌਰੀਆ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਪ੍ਰਗਟਾਵਾ ਕੀਤਾ ਕਿ ਭਾਵੇਂ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਭੁੱਖਮਰੀ ਜਾਂ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਪਰ ਪੰਜਾਬ ਇਕ ਅਜਿਹੀ ਧਰਤੀ ਹੈ, ਜਿੱਥੇ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਤੋਂ ਇਲਾਵਾ ਗੁਰਪੁਰਬ ਜਾਂ ਇਤਿਹਾਸਕ ਦਿਹਾੜਿਆਂ ਮੌਕੇ ਤਾਂ ਲੰਗਰ ਲੱਗਦੇ ਹੀ ਹਨ, ਬਲਕਿ ਗੁਰਦਵਾਰਿਆਂ ਵਿੱਚ ਸੰਗਤਾਂ ਲਈ 24 ਘੰਟੇ ਮੁਫਤ ਲੰਗਰ ਛਕਾਉਣ ਦੀ ਵਿਵਸਥਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਿੰਦਰ ਸਿੰਘ ਓਐੱਸਡੀ, ਮਨਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਨਵਨੀਤ ਸਿੰਘ ਸੋਨੂੰ, ਜਸਬੀਰ ਸਿੰਘ ਰਿੰਕੀ ਆਦਿ ਵੀ ਹਾਜਰ ਸਨ।