ਵੋਟਰ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਤਹਿਤ 9 ਅਤੇ 10 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀ.ਸੀ

  • ਵੋਟ ਬਣਵਾਉਣ, ਕਟਵਾਉਣ ਜਾਂ ਹੋਰ ਕੋਈ ਸੋਧ ਕਰਵਾਉਣ ਲਈ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ

ਫਰੀਦਕੋਟ 8 ਨਵੰਬਰ 2024 : ਡਿਪਟੀ ਕਮਿਸ਼ਨਰ—ਕਮ—ਜਿਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ.  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 01.01.2025 ਦੀ ਯੋਗਤਾ ਦੇ ਆਧਾਰ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 29.10.2024 ਤੋਂ 28.11.2024 ਤੱਕ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01.01.2025 ਦੇ ਆਧਾਰ ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਵੋਟਰ ਬਣਨ ਤੋਂ ਰਹਿ ਗਏ ਹਨ ਉਹ ਫਾਰਮ ਨੰ: 6 ਭਰ ਕੇ ਵੋਟ ਬਣਵਾ ਸਕਦੇ ਹਨ। ਜੇਕਰ ਕਿਸੇ ਇੰਦਰਾਜ ਸਬੰਧੀ ਇਤਰਾਜ ਹੋਵੇ ਤਾਂ ਫਾਰਮ ਨੰ: 7 ਭਰ ਕੇ ਵੋਟ ਕਟਵਾਈ ਜਾਵੇ।ਜੇਕਰ ਕਿਸੇ ਇੰਦਰਾਜ ਸਬੰਧੀ ਸੋਧ ਕਰਵਾਉਣੀ ਜਾਂ ਇੱਕ ਹੀ ਵਿਧਾਨ ਸਭਾ ਚੋਣ ਹਲਕੇ ਵਿੱਚ ਵੋਟ ਤਬਦੀਲ ਕਰਵਾਉਣੀ ਹੋਵੇ ਤਾਂ ਫਾਰਮ ਨੰ: 8 ਭਰ ਕੇ ਦਰੁਸਤੀ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜਿ਼ਲ੍ਹਾ ਫਰੀਦਕੋਟ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਾ 87-ਫਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋਂ (ਅ.ਜ.) ਵਿੱਚ ਆਮ ਜਨਤਾ ਦੀ ਸਹੂਲਤ ਲਈ ਮਿਤੀ 09-11-2024 (ਸ਼ਨੀਵਾਰ),10-11-2024 (ਐਤਵਾਰ), 23-11-2024 (ਸ਼ਨੀਵਾਰ), 24-11-2024(ਐਤਵਾਰ) ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਸਪੈਸ਼ਲ ਕੈਂਪਾਂ ਦੌਰਾਨ ਬੂਥ ਲੈਵਲ ਅਫਸਰਾਂ ਵੱਲੋਂ ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੈਠ ਕੇ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਦਾਅਵੇ/ਇਤਰਾਜ਼ ਸਬੰਧਤ ਚੋਣਕਾਰ ਰਜਿਸ਼ਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਦੇ ਦਫਤਰ ਜਾਂ ਜਿਲ੍ਹਾ ਚੋਣ ਦਫਤਰ, ਫਰੀਦਕੋਟ ਵਿਖੇ ਵੀ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਵੀਂ ਵੋਟ ਬਣਾਉਣ, ਕਟਵਾਉਣ ਅਤੇ ਸੋਧ ਕਰਵਾਉਣ ਸਬੰਧੀ ਆਨਲਾਈਨ voters.eci.gov.in / ਵੋਟਰ ਸਰਵਿਸ ਪੋਰਟਲ ਅਤੇ ਵੋਟਰ ਹੈਲਪਲਾਈਨ ਐਪ ਤੇ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਆਪਣੇ ਬੀ.ਐਲ.ਓਜ਼ ਪਾਸ ਵੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅਪੀਲ ਕੀਤੀ ਕਿ ਜਿਹੜੇ ਨਾਗਰਿਕਾਂ ਦੀ ਵੋਟ ਹੁਣ ਤੱਕ ਨਹੀਂ ਬਣੀ ਹੈ ਉਹ ਮਿਤੀ 09-11-2024 (ਸ਼ਨੀਵਾਰ), 10-11-2024 (ਐਤਵਾਰ)ਨੂੰ ਆਪਣੇ ਸਬੰਧਿਤ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੀ ਵੋਟ ਰਜਿਸਟਰਡ ਕਰਵਾ ਕੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।