- ਰਣਜੀਤ ਕੌਰ `ਵਾਹਿਗੁਰੂ ਸਵੈ ਸਹਾਇਤਾ ਸਮੂਹ` ਜਰੀਏ ਅਚਾਰ, ਸ਼ਹਿਦ, ਜੈਮ, ਚਟਨੀਆਂ, ਸਕਵੈਸ਼, ਮੁਰੱਬੇ, ਮਸਾਲੇ, ਹਲਦੀ, ਲੱਸੀ, ਕਰੇਲਾ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਕਮਾ ਰਹੀ ਹੈ ਚੰਗੀ ਆਮਦਨ
ਗੁਰਦਾਸਪੁਰ, 5 ਜੂਨ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਦੀ ਉੱਦਮੀ ਮਹਿਲਾ ਕਿਸਾਨ ਰਣਜੀਤ ਕੌਰ ਮਹਿਲਾ ਸਸ਼ਕਤੀਕਰਨ ਦੀ ਪ੍ਰਮੁੱਖ ਉਦਾਹਰਨ ਹੈ। ਮਹਿਲਾ ਕਿਸਾਨ ਰਣਜੀਤ ਕੌਰ ਆਪਣੇ `ਵਾਹਿਗੁਰੂ ਸੈਲਫ ਹੈਲਪ ਗਰੁੱਪ` ਜਰੀਏ ਅਚਾਰ, ਸ਼ਹਿਦ, ਜੈਮ, ਚਟਨੀਆਂ, ਸਕਵੈਸ਼, ਮੁਰੱਬੇ, ਮਸਾਲੇ, ਹਲਦੀ, ਲੱਸੀ, ਕਰੇਲਾ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਚੰਗੀ ਆਮਦਨ ਕਮਾ ਰਹੀ ਹੈ। ਰਣਜੀਤ ਕੌਰ ਦੇ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਬਜ਼ਾਰ ਵਿੱਚ ਵੀ ਬਹੁਤ ਮੰਗ ਹੈ ਅਤੇ ਇਸ ਵਧੀਆ ਕਾਰਗੁਜ਼ਾਰੀ ਲਈ ਸਰਕਾਰ ਵੱਲੋਂ ਵੀ ਉਸ ਨੂੰ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਾ ਹੈ। ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦੇ ਰਣਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਸੰਨ 2005 ਖੇਤੀਬਾੜੀ ਵਿਭਾਗ ਦੀ ਪ੍ਰਰੇਨਾ ਸਦਕਾ ਕੇ.ਵੀ.ਕੀ. ਤੋਂ ਖੁੰਬਾਂ ਦੀ ਕਾਸ਼ਤ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਉਸਨੇ ਖੁੰਭਾਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਖੇਤੀਬਾੜੀ ਵਿਭਾਗ ਕੋਲੋਂ ਅਚਾਰ, ਮੁਰੱਬੇ, ਚਟਨੀਆਂ, ਹਲਦੀ ਦੀ ਪ੍ਰੋਸੈਸਿੰਗ ਆਦਿ ਕਰਨ ਦੀ ਸਿਖਲਾਈ ਵੀ ਹਾਸਲ ਕੀਤੀ। ਸਾਲ 2006 ਵਿੱਚ ਉਸਨੇ ਆਪਣੇ ਪਿੰਡ ਦੀਆਂ ਸਾਥਣ ਔਰਤਾਂ ਨਾਲ ਮਿਲਕੇ `ਵਾਹਿਗੁਰੂ ਸਵੈ-ਸਹਾਇਤਾ ਸਮੂਹ` ਦੀ ਸਥਾਪਨਾ ਕਰ ਲਈ ਅਤੇ ਆਪਣੀਆਂ ਸਾਥਣਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰਣਜੀਤ ਕੌਰ ਨੇ ਦੱਸਿਆ ਕਿ ਉਹ ਹੁਣ ਆਪਣੇ ਸਵੈ-ਸਹਾਇਤਾ ਸਮੂਹ ਦੀਆਂ ਸਾਥਣ ਔਰਤਾਂ ਨਾਲ ਮਿਲ ਕੇ ਅਚਾਰ, ਸ਼ਹਿਦ, ਜੈਮ, ਚਟਨੀਆਂ, ਸਕਵੈਸ਼, ਮੁਰੱਬੇ, ਮਸਾਲੇ, ਹਲਦੀ, ਲੱਸੀ, ਕਰੇਲਾ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਚੋਖੀ ਆਮਦਨ ਹੋ ਜਾਂਦੀ ਹੈ। ਰਣਜੀਤ ਕੌਰ ਵੱਲੋਂ ਖੇਤੀਬਾੜੀ ਮੇਲਿਆਂ ਵਿੱਚ ਆਪਣੇ ਸੈਲਫ ਹੈਲਪ ਗਰੁੱਪ ਦੇ ਸਟਾਲ ਲਗਾ ਕੇ ਆਪਣੇ ਉਤਪਾਦ ਵੇਚੇ ਜਾਂਦੇ ਹਨ। ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕੀਤੇ ਗਏ ਮਿਸਾਲੀ ਕੰਮ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰਣਜੀਤ ਕੌਰ ਨੂੰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਰਣਜੀਤ ਕੌਰ ਦਾ ਕਹਿਣਾ ਹੈ ਕਿ ਔਰਤਾਂ ਦੇ ਅੱਗੇ ਵੱਧਣ ਦੇ ਬੇਸ਼ੁਮਾਰ ਮੌਕੇ ਹਨ ਬਸ ਲੋੜ ਹੈ ਉਨ੍ਹਾਂ ਨੂੰ ਯਤਨ ਕਰਨ ਦੀ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਬਣਾ ਕੇ ਔਰਤਾਂ ਵੱਖ-ਵੱਖ ਕੰਮ ਕਰਕੇ ਆਪਣੀ ਤਕਦੀਰ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਜਰੀਏ ਜਿਥੇ ਔਰਤਾਂ ਆਰਥਿਕ ਅਜ਼ਾਦੀ ਕਰ ਸਕਦੀਆਂ ਹਨ ਓਥੇ ਉਹ ਸਮਾਜ ਵਿੱਚ ਆਪਣਾ ਖਾਸ ਥਾਂ ਵੀ ਬਣਾ ਸਕਦੀਆਂ ਹਨ। ਉਨ੍ਹਾਂ ਦਿਹਾਤੀ ਔਰਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਵੈ ਸਹਾਇਤਾ ਸਮੂਹ ਬਣਾ ਕੇ ਕੋਈ ਨਾ ਕੋਈ ਕੰਮ ਕਰਨ ਦਾ ਉੱਦਮ ਜਰੂਰ ਕਰਨ ਸਫਲਤਾ ਉਨ੍ਹਾਂ ਦੇ ਕਦਮ ਚੁੰਮੇਗੀ।