ਤਰਨਤਾਰਨ, 27 ਦਸੰਬਰ : ਸਥਾਨਕ ਸ਼ਹਿਰ ਵਿੱਚ ਇੱਕ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਜਾਣ ਕਾਰਨ 35 ਲੋਕ ਜਖ਼ਮੀ ਅਤੇ 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਖ਼ਮੀਆਂ ਵਿੱਚ ਪੰਜਾਬ ਪੁਲਿਸ ਦੀਆਂ ਮਹਿਲਾ ਕਾਂਸਟੇਬਲ ਤੇ ਸਿਹਤ ਵਿਭਾਗ ਦੇ ਕੁੱਝ ਮੁਲਾਜਮ ਸ਼ਾਮਲ ਸਨ। ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਸਵੇਰੇ 9:30 ਵਜੇ ਵਾਪਰਿਆ। ਧੁੰਦ ਦੌਰਾਨ ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਠੱਠੀਆਂ ਮਹਾਨਤਾ ਕੋਲ ਇੱਕ ਟਰੱਕ ਸੜਕ ਕਿਨਾਰੇ ਰੁਕ ਗਿਆ। ਇਸੇ ਦੌਰਾਨ ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ। ਬੱਸ ‘ਚ ਕਰੀਬ 40 ਲੋਕ ਸਵਾਰ ਸਨ। ਧੁੰਦ ਕਾਰਨ ਬੱਸ ਚਾਲਕ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਟੱਕਰ ‘ਚ 35 ਲੋਕ ਜ਼ਖਮੀ ਹੋਏ ਹਨ। ਸਿਹਤ ਵਿਭਾਗ ਦੇ ਕਰਮਚਾਰੀ ਅੰਮ੍ਰਿਤਸਰ ਤੋਂ ਜੀਰਾ ਡਿਊਟੀ ‘ਤੇ ਜਾ ਰਹੇ ਸਨ। ਹਾਦਸੇ ਦਾ ਪਤਾ ਲੱਗਦੇ ਹੀ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੀ ਐਸਐਮਓ ਡਾ. ਨੀਰਜ ਲਤਾ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾ ਰਿਹਾ ਹੈ। ਥਾਣਾ ਸਰਹਾਲੀ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਰਾਏ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।