ਅੰਮ੍ਰਿਤਸਰ: 21 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਸੁਲਤਾਨਪੁਰ ਲੋਧੀ ਸਬੰਧੀ ਬਣੀ ਸਬ-ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਗਈ ਰੀਪੋਰਟ ਇਕ ਪਾਸੜ ਤੇ ਤੱਥਾਂ ਤੋਂ ਵਿਹੂੂਣੀ ਹੈ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲ ਕਿ ਮੰਗ ਕੀਤੀ ਹੈ ਕਿ ਸਬ-ਕਮੇਟੀ ਦੀ ਰੀਪੋਰਟ ਵਿਚ ਬੁੱਢਾ ਦਲ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਕਿਸੇ ਪੱਖ ਤੋਂ ਵੀ ਛੂਹਿਆ ਤੱਕ ਨਹੀਂ ਗਿਆ ਅਤੇ ਨਾ ਹੀ ਸਪੱਸ਼ਟਤਾ ਨਾਲ ਦਰਜ ਕੀਤਾ ਗਿਆ ਹੈ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਬ-ਕਮੇਟੀ ਦਾ ਦੁਬਾਰਾ ਪੂਨਰ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਰਯਾਦਾ, ਧੱਕੇਸ਼ਾਹੀ ਤੇ ਕਾਨੂੰਨ ਦੀ ਉਲੰਘਣਾ ਬਾਰੇ ਜਿਹੜੇ ਦੋਸ਼ੀ ਵਿਅਕਤੀ ਹਨ ਉਨ੍ਹਾਂ ਦੇ ਨਿਕਾਬ ਵੀ ਉਤਰ ਸਕਣ ਤੇ ਅਸਲੀਅਤ ਸੰਗਤਾਂ ਸਾਹਮਣੇ ਆਉਣੀ ਚਾਹੀਦੀ ਹੈ। ਇਹ ਹਮਲਾ ਅਤੇ ਨਜਾਇਜ ਕਬਜਾ ਯੋਜਨਾਬੰਦ ਸੀ। ਉਨ੍ਹਾਂ ਕਿਹਾ ਕਿ ਸਾਡੇ ਨਾਲ ਸਾਡੀਆਂ ਛਾਉਣੀਆਂ ਤੇ ਸਰਕਾਰ ਵੱਲੋਂ ਦਫਾ 145 ਲਾ ਕੇ ਧੱਕਾ ਕੀਤਾ ਗਿਆ ਹੈ। ਦੂਜੇ ਪਾਸੇ ਦੋਸ਼ੀਆਂ ਨੂੰ ਬਿਨ੍ਹਾਂ ਕਿਸੇ ਸਜਾ ਦੇ ਉਥੋਂ ਸਲਟਰ ਦੇ ਕੇ ਕੱਢ ਦਿੱਤਾ ਗਿਆ ਹੈ। ਜਿਨਾਂ ਲੋਕਾਂ ਨੇ ਮਰਯਾਦਾ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਨੂੰ ਰਾਜਨੀਤਕ ਲੋਕਾਂ ਵੱਲੋਂ ਹੀਰੋ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਰੀਪੋਰਟ ਇਕਤਰਫੀ ਤੇ ਉਲਾਰਵਾਦੀ ਹੈ। ਇਸ ਦਾ ਮੁੜ ਰੀਵੀਊ ਕੀਤਾ ਜਾਣਾ ਲਾਜਮੀ ਹੈ। ਉਪਰੰਤ ਬਾਬਾ ਬਲਬੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।