- ਮੁੱਖ ਮੰਤਰੀ ਦੱਸਣ ਕਿ ਐਸ ਐਸ ਓ ਸੀ ਫਾਜ਼ਿਲਕਾ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਅਧਿਕਾਰੀਆਂ ਨਾਲ ਰਲ ਕੇ ਫਿਰੋਜ਼ਪੁਰ ਜੇਲ੍ਹ ਤੋਂ 9 ਮਹੀਨਿਆਂ ਵਿਚ 43000 ਮੋਬਾਈਲ ਫੋਨ ਕਾਲਾਂ ਹੋਣ ਦੀ ਜਾਂਚ ਵਿਚ ਦੇਰ ਕਿਉਂ ਕਰਵਾਈ: ਅਕਾਲੀ ਦਲ
ਚੰਡੀਗੜ੍ਹ, 22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਜਿਹਨਾਂ ਕੋਲ ਗ੍ਰਹਿ ਤੇ ਜੇਲ੍ਹ ਵਿਭਾਗ ਵੀ ਹਨ, ਪੰਜਾਬੀਆਂ ਨੂੰ ਦੱਸਣ ਕਿ ਸਟੇਟ ਸਪੈਸ਼ਲ ਅਪਰੇਸ਼ਨਜ਼ ਸੈਲ (ਐਸ ਐਸ ਓ ਸੀ) ਫਾਜ਼ਿਲਕਾ ਨੇ ਜੇਲ੍ਹ ਅਧਿਕਾਰੀਆਂ ਨਾਲ ਰਲ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ 9 ਮਹੀਨਿਆਂ ਤੋਂ 43000 ਮੋਬਾਈਲ ਕਾਲਾਂ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਿਉਂ ਲਟਕਵਾਈ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਐਸ ਐਸ ਓ ਸੀ ਫਾਜ਼ਿਲਕਾ ਇਹ ਜਾਂਚ ਕਰਨ ਵਿਚ ਵੀ ਨਾਕਾਮ ਰਿਹਾ ਕਿ ਕਿਹਨਾਂ ਨੇ ਨਸ਼ਾ ਤਸਕਰਾਂ ਨੂੰ ਮੋਬਾਈਲ ਫੋਨ ਦਿੱਤੇ ਤੇ ਉਹਨਾਂ ਨੂੰ 43000 ਕਾਲਾਂ ਕਰਨ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਅਦਾਲਤ ਨੇ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਦਾ ਰਿਮਾਂਡ ਲੈਣ ਦੇ ਬਾਵਜੂਦ ਤੱਕ ਹਾਲੇ ਤੱਕ ਸਾਹਮਣੇ ਨਹੀਂ ਆਏ। ਉਹਨਾਂ ਦੱਸਿਆ ਕਿ ਇਹ ਫੋਨ ਕਾਲ ਪਿਛਲੀ ਕਾਂਗਰਸ ਵੇਲੇ ਤੇ ਮੌਜੂਦਾ ਆਪ ਸਰਕਾਰ ਵੇਲੇ ਕੀਤੀਆਂ ਗਈਆਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਿਹੜੇ ਅਫਸਰਾਂ ਨੇ ਨਸ਼ਾ ਤਸਕਰਾਂ ਨੂੰ ਫੋਨ ਦਿੱਤੇ ਤੇ ਇਹਨਾਂ ਨੂੰ ਜੇਲ੍ਹ ਅੰਦਰ ਵਰਤਣ ਦੀ ਆਗਿਆ ਦਿੱਤੀ, ਆਪ ਸਰਕਾਰ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਸੂਬੇ ਦੀਆਂ ਜੇਲ੍ਹਾਂ ਪੰਜਾਬ ਵਿਚ ਅਪਰਾਧ ਦੀਆਂ ਗੁਫਾਫਾਂ ਬਣ ਗਈਆਂ ਹਨ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਜੇਲ੍ਹ ਵਿਚ ਹਰ ਸਹੂਲਤ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੀ ਸਰਕਾਰੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹ ਬਿਨਾਂ ਕਿਸੇ ਰੋਕ ਟੋਕ ਦੇ ਜੇਲ੍ਹਾਂ ਵਿਚੋਂ ਆਪਣਾ ਸਾਮਰਾਜ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਸੂਬੇ ਵਿਚ ਸਾਰੇ ਅਪਰਾਧ ਭਾਵੇਂ ਉਹ ਪ੍ਰਸਿੱਧ ਗਾਇਕ ਮੂਸੇਵਾਲਾ ਦਾ ਕਤਲ ਹੋਵੇ, ਸਟੇਟ ਇੰਟੈਲੀਜੈਂਸ ਹੈਡਕੁਆਰਟਰ ’ਤੇ ਆਰ ਪੀ ਜੀ ਹਮਲਾ ਹੋਵੇ ਜਾਂ ਤਰਨਤਾਰਨ ਵਿਚ ਪੁਲਿਸ ਥਾਣੇ ’ਤੇ ਰਾਕੇਟ ਹਮਲਾ ਹੋਵੇ, ਸਭ ਦੀਆਂ ਯੋਜਨਾਵਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਘੜੀਆਂ ਗਈਆਂ ਤੇ ਨੇਪਰੇ ਚਾੜ੍ਹੀਆਂ ਗਈਆਂ। ਰੋਮਾਣਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਗ੍ਰਹਿ ਮੰਤਰੀ ਵੀ ਹਨ ਤੇ ਜੇਲ੍ਹ ਮੰਤਰੀ ਵੀ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਜੋ ਹੋ ਰਿਹਾ ਹੈ ਉਹ ਮੁੱਖ ਮੰਤਰੀ ਦੇ ਕੰਮ ਕਰਨ ਦਾ ਤਰੀਕਾ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਜਦੋਂ ਸ੍ਰੀ ਭਗਵੰਤ ਮਾਨ ਵਿਰੋਧੀ ਧਿਰ ਵਿਚ ਸਨ ਤਾਂ ਉਹ ਆਖਦੇ ਸਨ ਕਿ ਮੁੱਖ ਮੰਤਰੀ ਦੀ ਮਰਜ਼ੀ ਬਗੈਰ ਪੱਤਾ ਵੀ ਨਹੀਂ ਹਿਲ ਸਕਦਾ। ਉਹਨਾਂ ਕਿਹਾਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਨੂੰ ਵੀ ਆਈ ਪੀ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਆਪਣਾ ਫੌਜਦਾਰੀ ਸਾਮਰਾਜ ਚਲਾ ਸਕਣ।