ਚੰਡੀਗੜ੍ਹ, 09 ਨਵੰਬਰ : ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਝੋਨੇ ਉਤੇ ਐਮਐਸਪੀ ਨੂੰ ਖਤਮ ਕਰਵਾਉਣ ਲਈ ਹੱਥ-ਪੈਰ ਮਾਰ ਰਹੀ ਹੈ। ਕਾਂਗਰਸ ਨੇ ਟਵੀਟ ਕਰਕੇ ਇਹ ਦੋਸ਼ ਲਾਏ ਹਨ। ਹਾਲਾਂਕਿ ਆਪ ਨੇ ਇਸ ਨੂੰ ਕੋਰਾ ਝੂਠ ਦੱਸਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਦੋਸ਼ ਲਾਏ ਸਨ ਕਿ- ‘‘ਮਿੱਠੇ ਪੋਚਿਆਂ ਦੀ ਆੜ ਥੱਲੇ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹੈ ਪੰਜਾਬੀਓ! ਨਵੇਂ AG ਸਾਬ ਨੇ ਸੁਪਰੀਮ ਕੋਰਟ ਨੂੰ ਝੋਨੇ ਦੀ MSP ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਹਿਲਾਂ SYL ਕੱਢਣ ਤੋਂ ਮਨ੍ਹਾਂ ਕਰਨ ਦੀ ਬਜਾਏ ਬੈਠ ਕੇ ਹੱਲ ਕੱਢਣ ਦੀ ਦਲ਼ੀਲ ਦਿੱਤੀ ਤੇ ਹੁਣ ਸ਼ਰੇਆਮ MSP ਖਤਮ ਕਰਨ ਲਈ ਕਹਿਣਾ। ਕੀ @bhagwantmann ਜੀ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ? ਉਧਰ ਆਪ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਆਪ ਦੇ ਸੀਨੀਆਰ ਆਗੂ ਮਲਵਿੰਦਰ ਸਿੰਘ ਕੰਗ ਨੇ ਇਸ ਉਤੇ ਜਵਾਬੀ ਟਵੀਟ ਕੀਤਾ ਤੇ ਲਿਖਿਆ- ‘‘ਰਾਜਾ ਸਾਹਿਬ ਪਹਿਲੀ ਗੱਲ ਤੇ ਚਾਂਦੀ ਦੀ ਕਹੀ ਨਾਲ SYL ਦਾ ਟੱਕ ਲਾਉਣ ਵਾਲੇ, ਇਸ ਮੁੱਦੇ ਉੱਤੇ ਨਾ ਹੀ ਬੋਲਣ ਤਾਂ ਚੰਗਾ। ਦੂਜਾ, ਕਿਰਪਾ ਕਰਕੇ ਆਪਣੀ ਝੂਠ ਅਤੇ ਕੂੜ ਪਰਚਾਰ ਦੀ ਦੁਕਾਨ ਬੰਦ ਕਰੋ। AG ਸਾਹਬ ਨੇ ਮਾਣਯੋਗ ਸੁਪਰੀਮ ਕੋਰਟ ਵਿੱਚ ਇਹ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵਲੋਂ ਬਾਕੀ ਦੀਆਂ ਫਸਲਾਂ ਉੱਤੇ MSP ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਵੀ ਬੀਜ ਸਕਣ। ਪੰਜਾਬ ਦਾ ਧਰਤੀ ਹੇਠਲਾ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਥੱਲੇ ਜਾ ਚੁੱਕਾ ਹੈ, ਪੰਜਾਬ ਦੇ ਪਾਣੀਆ ਦੇ ਬਲਾਕ Danger Zone ਵਿੱਚ ਜਾ ਚੁੱਕੇ ਹਨ, ਬਦਕਿਸਮਤੀ ਹੈ ਕਿ ਤੁਹਾਡੀ ਸਰਕਾਰ ਨੇ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣ ਲਈ ਕੋਈ ਕੰਮ ਨਹੀਂ ਕੀਤਾ। ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਜੰਜਾਲ ਵਿਚੋਂ ਕੱਢਣ ਦੀ ਸਖ਼ਤ ਜ਼ਰੂਰਤ ਹੈ। ਇਹੋ ਜਿਹੇ ਬਿਆਨ ਦੇ ਕੇ ਕੀ ਤੁਸੀ ਪੰਜਾਬ ਨੂੰ ਮਾਰੂਥਲ ਬਨਾਉਣਾ ਚਾਹੁੰਦੇ ਹੋ?