ਚੰਡੀਗੜ੍ਹ, 19 ਨਵੰਬਰ 2024 : ਔਰਤਾਂ ‘ਤੇ ਵਿਵਾਦਤ ਟਿੱਪਣੀ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮਾਫ਼ੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਆਪਣੇ ਮੁਆਫੀਨਾਮੇ ਵਿੱਚ ਉਨ੍ਹਾਂ ਕਿਹਾ ਹੈ ਕਿ ਮੇਰੇ ਸ਼ਬਦਾਂ ਨਾਲ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੰਚੀ ਹੈ ਤਾਂ ਮੈਂ ਹੱਥ ਜੋੜ ਕੇ ਅਤੇ ਸਿਰ ਝੁਕਾਅ ਕੇ ਮੁਆਫੀ ਮੰਗਦਾ ਹਾਂ। ਨਾ ਮੇਰੇ ਸੰਸਕਾਰ ਹਨ ਅਤੇ ਨਾ ਹੀ ਮੈਂ ਕਿਸੇ ਦੇ ਖਿਲਾਫ ਮਾੜਾ ਸੋਚਦਾ ਹਾਂ। ਗੌਰਤਲਬ ਹੈ ਕਿ ਮਹਿਲਾ ਕਮਿਸ਼ਨ ਨੇ ਅੱਜ ਚਰਨਜੀਤ ਚੰਨੀ ਨੂੰ ਮੋਹਾਲੀ ਦਫ਼ਤਰ ‘ਚ ਤਲਬ ਕੀਤਾ ਸੀ ਪਰ ਅੱਜ ਉਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ । ਇਸ ‘ਤੇ ਮਹਿਲਾ ਕਮਿਸ਼ਨ ਨੇ ਕਿਹਾ ਕਿ ਚਰਨਜੀਤ ਚੰਨੀ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਜਾਵੇਗਾ । ਉਨ੍ਹਾਂ ਨੇ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗਿੱਦੜਬਾਹਾ ਵਿੱਚ ਔਰਤਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ। ਇੰਟਰਨੈੱਟ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰ ਕੇ ਮੰਗਲਵਾਰ ਨੂੰ ਮੋਹਾਲੀ ਦਫਤਰ ‘ਚ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਇਸ ਦੇ ਨਾਲ ਹੀ ਐਫਆਈਆਰ ਦਰਜ ਕਰਨ ਲਈ ਤਾੜਨਾ ਵੀ ਕੀਤੀ ਗਈ ਹੈ। ਚੰਨੀ ਐਤਵਾਰ ਨੂੰ ਗਿੱਦੜਬਾਹਾ ਵਿੱਚ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਕਹਾਣੀ ਸੁਣਾਉਂਦੇ ਹੋਏ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।