ਚੰਡੀਗੜ੍ਹ, 27 ਦਸੰਬਰ : ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਧੁੰਦ ਕਾਰਨ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਗੁਰਦਾਸਪੁਰ, ਬਰਾਨਾਲਾ, ਪਟਿਆਲਾ, ਮੋਹਾਲੀ ਸਮੇਤ ਸੂਬੇ ਦੇ ਕਈ ਜਿਲਿ੍ਹਆਂ ਵਿੱਚ ਸਵੇਰੇ 5-00 ਤੋਂ ਲੈ ਕੇ 8 ਵਜੇ ਤੱਕ ਵਿਜ਼ੀਬਿਲਟੀ ਜ਼ੀਰੋ ਤੇ ਆ ਗਈ ਸੀ, ਧੁੰਦ ਕਾਰਨ ਨਮੀਂ 100 ਫੀਸਦੀ ਰਹੀ। ਜਿਸ ਕਾਰਨ ਸੜਕਾਂ ਤੇ ਆਵਾਜਾਈ ‘ਚ ਵੀ ਵਿਘਨ ਪਿਆ। ਗੱਡੀਆਂ ਦੀਆਂ ਲਾਇਟਾਂ ਚੱਲਦੀਆਂ ਹੋਣ ਕਾਰਨ ਵੀ ਸੜਕ ਤੇ ਕੁੱਝ ਦਿਖਾਈ ਨਹੀਂ ਸੀ ਦੇ ਰਿਹਾ, ਕਈ ਗੱਡੀ ਚਾਲਕ ਤਾਂ ਆਪਣੇ ਵਾਹਨਾਂ ਨੂੰ ਹੋਰਨਾਂ ਵਾਹਨਾਂ ਦੇ ਪਿੱਛੇ ਲਗਾ ਲਗਾਏ ਜਾਂਦੇ ਵੀ ਦੇਖੇ ਗਏ। ਬੀਤੇ ਦਿਨੀਂ ਸਵੇਰੇ 8 ਵਜੇ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ ਵਿੱਚ ਦਿਨ ਭਰ ਧੁੰਦ ਛਾਈ ਰਹੀ ਅਤੇ ਕਈ ਥਾਵਾਂ ’ਤੇ ਦੁਪਹਿਰ ਤੱਕ ਵਿਜ਼ੀਬਿਲਟੀ 50 ਤੋਂ 100 ਮੀਟਰ ਤੱਕ ਹੀ ਸੀ। ਸੰਘਣੀ ਧੁੰਦ ਕਾਰਨ ਸੂਰਜ ਦੀਆਂ ਕਿਰਨਾਂ ਵੀ ਬੇਅਸਰ ਦਿਖਾਈ ਦਿੱਤੀਆਂ। ਕਈ ਜ਼ਿਲ੍ਹਿਆਂ ਵਿੱਚ ਧੁੱਪ ਨਹੀਂ ਨਿਕਲੀ। ਜਿਸ ਕਾਰਨ ਦਿਨ ਵੇਲੇ ਕੜਾਕੇ ਦੀ ਠੰਢ ਰਹੀ। ਦਿਨ ਦਾ ਤਾਪਮਾਨ ਵੀ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਜਦੋਂ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਜਲੰਧਰ ਦਿਨ ਵੇਲੇ ਸਭ ਤੋਂ ਠੰਢਾ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਪੰਜਾਬ ਵਿੱਚ ਬਹੁਤ ਸੰਘਣੀ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ। ਪੂਰਵ ਅਨੁਮਾਨ ਅਨੁਸਾਰ ਬਹੁਤ ਜ਼ਿਆਦਾ ਧੁੰਦ ਛਾਈ ਰਹੇਗੀ। ਜਿਸ ਕਾਰਨ ਪੈਦਲ ਚੱਲਣ ਵਾਲਿਆਂ ਦੀਆਂ ਮੁਸ਼ਕਲਾਂ ਵਧਣਗੀਆਂ। ਹਾਲਾਂਕਿ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।