ਮੁੱਖ ਮੰਤਰੀ ਮਾਨ ਨੇ ਸੁਨੀਲ ਜਾਖੜ ਨੂੰ ਕੀਤਾ ਸਵਾਲ – ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ?

  • ਝਾਕੀ ਦੇ ਮਸਲੇ `ਤੇ ਝੂਠ ਬੋਲਣ `ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਨੀਲ ਜਾਖੜ ਦੀ ਅਲੋਚਨਾ
  • ਰੱਖਿਆ ਮੰਤਰਾਲਾ ਨੇ ਜਨਤਕ ਕੀਤੀਆਂ ਝਾਕੀ ਦੀਆਂ ਫੋਟੋਆਂ, ਨਹੀਂ ਲੱਗੀ ਸੀ ਮੇਰੀ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ: ਮੁੱਖ ਮੰਤਰੀ
  • ਭਾਜਪਾ ਦੇ ਕਹਿਣ `ਤੇ ਤੁਸੀਂ ਪੰਜਾਬ ਦੇ ਪੱਖ `ਚ ਨਹੀਂ ਖੜ੍ਹੇ, ਸਗੋਂ ਮੇਰੇ ਅਤੇ ਅਰਵਿੰਦ ਕੇਜਰੀਵਾਲ `ਤੇ ਬੇਬੁਨਿਆਦ ਇਲਜ਼ਾਮ ਲਾਏ
  • ਪੰਜਾਬੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ: ਮੁੱਖ ਮੰਤਰੀ

ਚੰਡੀਗੜ੍ਹ, 5 ਜਨਵਰੀ ( ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮੁੱਦੇ ਉਤੇ ‘ਨੰਗਾ-ਚਿੱਟਾ’ ਝੂਠ ਬੋਲਣ ਉਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੀ ਕਰੜੀ ਆਲੋਚਨਾ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਹਮੇਸ਼ਾ ਤੋਂ ਇਹੀ ਤਰਕ ਰਿਹਾ ਹੈ ਕਿ ਮੋਦੀ ਸਰਕਾਰ ਨੇ ਆਪਣੀ ਪੰਜਾਬ ਵਿਰੋਧੀ ਖ਼ਬਤ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕੀਤਾ ਪਰ ਜਾਖੜ ਕੇਂਦਰ ਸਰਕਾਰ ਦੇ ਇਸ ਨੂੰ ਕਦਮ ਨੂੰ ਆਪਣੀ ਬੇਥਵੀਆਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਸੂਬਾ ਸਰਕਾਰ ਦੀਆਂ ਝਾਕੀਆਂ ਰੱਦ ਹੋਣ ਦਾ ਕਾਰਨ ਉਨ੍ਹਾਂ ਉਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹੋਣ ਦੀ ਗੱਲ ਆਖ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਅਤੇ ਇਹ ਸਾਰਾ ਬਿਆਨ ਜਾਖੜ ਦੀ ਮਹਿਜ਼ ਕੋਰੀ ਕਲਪਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਦੋਂ ਰੱਖਿਆ ਮੰਤਰਾਲੇ ਨੇ ਇਹ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਇਸ ਝਾਕੀ ਉਤੇ ਕੋਈ ਤਸਵੀਰਾਂ ਨਹੀਂ ਸਨ ਤਾਂ ਜਾਖੜ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਲਈ ਡਿਜ਼ਾਇਨ ਕੀਤੀ ਝਾਕੀ ਦਾ ਉਦੇਸ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਸ਼ਹੀਦਾਂ ਦੇ ਬਲੀਦਾਨ ਦੀ ਰਵਾਇਤ ਨੂੰ ਦਰਸਾਉਣਾ ਸੀ। ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਨੂੰ ਰੱਦ ਕਰਨ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਸੱਤਾ ਦੀ ਭੁੱਖੀ ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਹੇਠੀ ਕਰਨ ਲਈ ਭਾਜਪਾ ਸਰਕਾਰ ਕੋਝੇ ਹਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਾਦਤ ਤੇ ਬਲੀਦਾਨ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਦਾ ਹਿੱਸਾ ਹਨ, ਜਿਨ੍ਹਾਂ ਨੂੰ ਪੰਜਾਬ ਦੀਆਂ ਝਾਕੀਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਕੀਆਂ ਦੇ ਦੇਸ਼-ਭਗਤੀ ਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਰੱਦ ਕਰ ਕੇ ਕੇਂਦਰ ਸਰਕਾਰ ਨੇ ਮਹਾਨ ਦੇਸ਼-ਭਗਤਾਂ ਤੇ ਕੌਮੀ ਨਾਇਕਾਂ ਦੇ ਬਲੀਦਾਨ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਾਖੜ ਵਰਗੇ ਨਵੇਂ-ਨਵੇਂ ਬਣੇ ‘ਭਗਤ’ ਆਪਣੀ ਅੰਧ-ਭਗਤੀ ਵਿੱਚ ਪੰਜਾਬ ਦੇ ਹਿੱਤਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਕਦਮਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਣ ਦੇ ਬਾਵਜੂਦ ਇਹ ਆਗੂ ਮਹਿਜ਼ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਆਪਣੀ ਹਾਈ ਕਮਾਂਡ ਨਾਲ ਮਿਲ ਕੇ ਸੂਬੇ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਆਪਣੇ ਆਕਾਵਾਂ ਦੀਆਂ ਇੱਛਾਵਾਂ ਅਨੁਸਾਰ ਝੂਠ ਬੋਲਣ ਵਿੱਚ ਹਾਲੇ ਪੂਰੀ ਤਰ੍ਹਾਂ ਮਾਹਿਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਕਾਰਨ ਉਹ ਆਪਣੀ ਹਾਈ ਕਮਾਂਡ ਵੱਲੋਂ ਤਿਆਰ ਕੀਤੀਆਂ ਸਕਰਿਪਟਾਂ ਪੜ੍ਹਨ ਵਿੱਚ ਹਾਲੇ ਪੂਰੇ ਉਸਤਾਦ ਨਹੀਂ ਬਣੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਜਪਾਈ ਲੀਡਰਸ਼ਿਪ ਪੰਜਾਬ ਦੀ ਹੇਠੀ ਕਰ ਰਹੀ ਹੈ ਅਤੇ ਇਹ ਆਗੂ ਆਪਣੇ ਲੀਡਰਾਂ ਦਾ ਗੁਣਗਾਣ ਕਰਨ ਵਿੱਚ ਮਸਤ ਹਨ।

 

https://www.facebook.com/photo/?fbid=917329626423063&set=a.528356915320338