- ਅਸੀਂ ਪੰਜਾਬ ਦੇ ਮੁੱਖ ਚੋਣ ਅਫਸਰ ਨੂੰ ਕਾਪੀ ਰਸੀਵ ਕਰਵਾਈ: ਅਰਸ਼ਦੀਪ ਕਲੇਰ
- ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਆਪ ਸਰਕਾਰ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਹੀ ਵੱਖ-ਵੱਖ ਝੂਠੇ ਕੇਸਾਂ ਵਿਚ ਫਸਾ ਦਿੱਤਾ
ਚੰਡੀਗੜ੍ਹ, 12 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ, ਚੋਣ ਕਮਿਸ਼ਨ ਭਾਰਤ ਸਰਕਾਰ, ਕੋਲ ਲਿਖਤੀ ਸ਼ਿਕਾਇਤ ਕਰ ਕੇ ਆਪ ਸਰਕਾਰ, ਇਸਦੇ ਵਿਧਾਇਕਾਂ ਤੇ ਹੋਰ ਆਗੂਆਂ ਵੱਲੋ਼ ਜਲੰਧਰ ਹਲਕੇ ਦੀ ਜ਼ਿਮਨੀ ਚੋਣ ਵਿਚ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਵੱਖ-ਵੱਖ ਝੂਠੇ ਤੇ ਜਾਅਲੀ ਕੇਸਾਂ ਵਿਚ ਫਸਾਉਣ ਦੀ ਸ਼ਿਕਾਇਤ ਕੀਤੀ। ਆਪਣੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਰਾਹੀਂ ਦਾਇਰ ਕੀਤੀ ਸ਼ਿਕਾਇਤ ਜਿਸਦੀ ਕਾਪੀ ਮੁੱਖ ਚੋਣ ਅਫਸਰ ਪੰਜਾਬ ਨੂੰ ਵੀ ਰਸੀਵ ਕਰਵਾਈ ਗਈ, ਵਿਚ ਪਾਰਟੀ ਨੇ ਕਿਹਾ ਕਿ ਇਸਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਜਲੰਧਰ ਜ਼ਿਮਨੀ ਚੋਣ ਵਿਚ ਚਿੱਟੇ ਦਿਨ ਲੋਕਤੰਤਰ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ ਕੀਤੀ ਗਈ ਅਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵੀ ਆਗਿਆ ਵੀ ਨਹੀਂ ਦਿੱਤੀ ਗਈ। ਸੀ ਈ ਓ ਪੰਜਾਬ ਨੂੰ ਕਾਪੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਕੁਝ ਥਾਵਾਂ ’ਤੇ ਤਾਂ ਵੋਟਰਾਂ ਦੇ ਬੂਥ ’ਤੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀਆਂ ਵੋਟਾਂ ਭੁਗਤਾ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਚੋਣਾਂ ਵਿਚ ਵੱਡੀ ਪੱਧਰ ’ਤੇ ਵੋਟਾਂ ਵਿਚ ਘਪਲਾ ਕੀਤਾ ਗਿਆ। ਇਹ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਉਲੰਘਣਾ ਤੇ ਸੂਬੇ ਵਿਚ ਤਾਨਾਸ਼ਾਹੀ ਦੀ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਭਾਵੇਂ ਭਾਰਤੀ ਚੋਣ ਕਮਿਸ਼ਨ ਨੇ ਉਕਤ ਸੰਸਦੀ ਹਲਕੇ ਵਿਚ ਆਜ਼ਾਦ ਤੇ ਨਿਰਪੱਖ ਚੋਣ ਕਰਵਾਉਣ ਲਈ ਹਰ ਯਤਨ ਕੀਤਾ ਪਰ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਮਨਸੂਬੇ ਚੰਗੇ ਨਹੀਂ ਸਨ। ਉਹਨਾਂ ਕਿਹਾ ਕਿ ਜਿਸ ਦਿਨ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ, ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਆਗੂਆਂ ਤੇ ਵਰਕਰਾਂ ਨੂੰ ਧਮਕਾਉਣਾ ਤੇ ਡਰਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਤੇ ਐਸ ਐਸ ਪੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਦੀ ਭੂਮਿਕਾ ਅਤਿਅੰਤ ਨਿੰਦਣਯੋਗ ਹੈ ਤੇ ਇਹ ਸਿਧਾਂਤਾਂ ਦੇ ਖਿਲਾਫ ਹੈ ਤੇ ਇਹ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਰਲ ਕੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਹਨਾਂ ਹੋਰ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਮੁੱਖ ਚੋਣ ਅਫਸਰ ਪੰਜਾਬ ਸ੍ਰੀ ਸੀ ਸਿਬਿਨ ’ਤੇ ਸਵਾਲੀਆ ਨਿਸ਼ਾਨ ਖੜ੍ਹੀ ਕਰਦੀ ਹੈ ਕਿਉਂਕਿ ਉਹ ਵੀ ਮੁਹਾਲੀ ਵਿਚ 700 ਕਰੋੜ ਰੁਪਏ ਦੇ ਫਿਲਿਸਪ ਸਿਗਨੀਫਾਈ 25 ਏਕੜ ਦੇ ਪਲਾਟ ਘੁਟਾਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੰਨੇ ਮਾਮਲਿਆਂ ਤੋਂ ਬਾਅਦ ਵੀ ਮੁੱਖ ਚੋਣ ਅਫਸਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਚੋਣ ਅਫਸਰ ਪੰਜਾਬ ਆਪਣੇ ਖਿਲਾਫ ਪੈਂਡਿੰਗ ਪਈ ਜਾਂਚ ਦੇ ਦਬਾਅ ਹੇਠ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੇ ਹਨ। ਉਹਨਾਂ ਨੇ ਕਮਿਸ਼ਨ ਨੂੰ ਸਬੂਤ ਵਜੋਂ ਤਸਵੀਰਾਂ ਵੀ ਦਿੱਤੀ। ਐਡਵੋਕੇਟ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਤੇ ਵੋਟਾਂ ਵਾਲੇ ਦਿਨ ਵੱਡੀ ਗਿਣਤੀ ਵਿਚ ਆਪ ਵਿਧਾਇਕ ਜਲੰਧਰ ਪਾਰਲੀਮਾਨੀ ਹਲਕੇ ਵਿਚ ਮੌਜੂਦ ਸਨ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਪਸ਼ਟ ਉਲੰਘਣਾ ਹੈ ਕਿਉਂਕਿ ਨਿਯਮਾਂ ਮੁਤਾਬਕ ਬਾਹਰਲੇ ਲੋਕਾਂ ਨੂੰ 48 ਘੰਟੇ ਪਹਿਲਾਂ ਹਲਕਾ ਛੱਡਣਾ ਲਾਜ਼ਮੀ ਹੁੰਦਾ ਹੈ। ਉਹਨਾਂ ਕਿਹਾ ਕਿ ਦਲਬੀਰ ਸਿੰਘ ਟੋਂਗ ਵਿਧਾਇਕ ਬਾਬਾ ਬਕਾਲਾ, ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪੂਰਬੀ, ਗੁਰਪ੍ਰੀਤ ਗੋਗੀ ਵਿਧਾਇਕ ਲੁਧਿਆਣਾ ਪੱਛਰੁੀ, ਮਦਨ ਲਾਲ ਬੱਗਾ ਵਿਧਾਇਕ ਲੁਧਿਆਣਾ ਉੱਤਰੀ, ਦਲਜੀਤ ਗਰੇਵਾਲ ਵਿਧਾਇਕ ਲੁਧਿਆਣਾ ਪੂਰਬੀ, ਅਮੋਲਕ ਸਿੰਘ ਵਿਧਾਇਕ ਜੈਤੋ ਅਤੇ ਅਜੈ ਗੁਪਤਾ ਵਿਧਾਇਕ ਅੰਮ੍ਰਿਤਸਰ ਕੇਂਦਰੀ ਨੂੰ ਜਲੰਧਰ ਦੇ ਬੂਥਾਂ ’ਤੇ ਬੈਠੇ ਵੇਖਿਆ ਗਿਆ ਤੇ ਉਹ ਆਪਣੇ ਸਮਰਥਕਾਂ ਨਾਲ ਰਲ ਕੇ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਸਨ ਤੇ ਪਾਰਟੀ ਨੇ ਇਸਦੀਆਂ ਤਸਵੀਰਾਂ ਤੇ ਵੀਡੀਓ ਵੀ ਚੋਣ ਕਮਿਸ਼ਨ ਨੂੰ ਸੌਂਪੇ ਹਨ। ਉਹਨਾਂ ਨੇ ਚੋਣ ਕਮਿਸ਼ਨ ਦਾ ਧਿਆਨ 10 ਮਈ ਨੂੰ ਪਿੰਡ ਹੀਰਾਪੁਰ ਵਿਧਾਨ ਸਭਾ ਹਲਕਾ ਕਰਤਾਰਪੁਰ ਵੱਲ ਦੁਆਇਆ ਜਿਸ ਵਿਚ ਗੌਰਵ ਮੋਂਟੂ ਨਾਂ ਦਾ ਵਿਅਕਤੀ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਆਪ ਦਾ ਸਰਗਰਮ ਵਰਕਰ ਹੈ ਤੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਨਜ਼ਦੀਕੀ ਹੈ, ਨੂੰ ਕਰਤਾਰਪੁਰ ਦੇ ਪੋਲਿੰਗ ਬੂਥ 164 ’ਤੇ ਫੜਿਆ ਗਿਆ ਜਿਸ ਕੋਲ ਈ ਵੀ ਐਮ ਮਿਲੀ ਤੇ ਇਸ ਕੋਲ ਮਸ਼ੀਨ ਸੀਲ ਕਰਨ ਵਾਲੀਆਂ ਸੀਲਾਂ ਵੀ ਮਿਲੀਆਂ। ਉਹਨਾਂ ਕਿਹਾ ਕਿ ਉਸਨੇ ਆਪ ਦੱਸਿਆ ਕਿ ਉਸਨੂੰ ਮੰਤਰੀ ਨਿੱਝਰ ਨੇ ਭੇਜਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪ੍ਰੀਜ਼ਾਇਡਿੰਗ ਅਫਸਰ ਪੰਕਰ ਮੁੱਖ ਸਾਜ਼ਿਸ਼ਕਾਰ ਹੈ ਜਿਸਨੇ ਈ ਵੀ ਐਮ ਉਸਨੂੰ ਸੌਂਪੀ। ਪਿੰਡ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੋਲਿੰਗ ਬੂਥ ਦੇ ਅੰਦਰ ਸੀ ਸੀ ਟੀ ਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਹ ਇਕ ਮਾਮਲਾ ਹੈ ਜਿਸ ਵਿਚ ਪਿੰਡ ਵਾਲਿਆਂ ਨੇ ਈ ਵੀ ਐਮ ਨਾਲ ਛੇੜਛਾੜ ਫੜੀ ਹੈ ਤੇ ਉਸ ਕੋਲੋਂ ਸੀਲਾਂ ਫੜੀਆਂ ਹਨ, ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਣਗੇ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਸਮੇਤ ਸਥਾਨਕ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਹੁਕਮਾਂ ਨੂੰ ਇੰਨ ਬਿਨ ਲਾਗੂ ਕਰਦਾ ਰਿਹਾ। ਉਹਨਾਂ ਨੇ ਪਿੰਡ ਦਿਆਲਪੁਰਾ ਵਿਚ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਦੀ ਸ਼ਿਕਾਇਤ ਵੀ ਕੀਤੀ ਤੇ ਦੱਸਿਆ ਕਿ ਕੁਝ ਲੋਕਾਂ ਨੇ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ । ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਐਸ ਐਚ ਓ ਕਰਤਾਪੁਰ ਤੇ ਸਥਾਨਕ ਪੁਲਿਸ ਕੰਟਰੋਲ ਰੂਮ ਅਤੇ ਐਸ ਐਸ ਪੀ ਦੇ ਨੰਬਰ ’ਤੇ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਮੌਕੇ ’ਤੇ ਕੋਈ ਪੁਲਿਸ ਮਦਦ ਪ੍ਰਦਾਨ ਨਹੀਂ ਕੀਤੀ ਗਈ ਤੇ ਉਲਟਾ ਅਕਾਲੀ ਦਲ ਦੇ ਵਰਕਰਾਂ ਖਿਲਾਫ ਧਾਰਾ 354, 323 34, 506 ਆਈ ਪੀ ਸੀ ਤੇ ਐਸ ਸੀ ਤੇ ਐਸ ਟੀ ਐਕਟ 1989 ਦੀ ਧਾਰਾ 3 ਅਤੇ 4 ਤਹਿਤ ਕੇਸ ਦਰਜ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਘਟਨਾ ਦੇ ਮਾਮਲੇ ਵਿਚ ਵੀ ਸਬੂਤ ਵਜੋਂ ਵੀਡੀਓ ਤੇ ਤਸਵੀਰਾਂ ਸੌਂਪੀਆਂ ਗਈਆਂ ਹਨ। ਅਕਾਲੀ ਆਗੂ ਨੇ ਮੰਗ ਕੀਤੀ ਕਿ ਕੁਤਾਹੀ ਕਰਨ ਵਾਲੇ ਸਾਰੇ ਅਫਸਰ ਜੋ ਆਪਣੀ ਡਿਊਟੀ ਨਿਭਾਉਣ ਵਿਚ ਫੇਲ੍ਹ ਰਹੇ ਹਨ, ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜਲੰਧਰ ਪਾਰਲੀਮਾਨੀ ਹਲਕੇ ਵਿਚ ਵੋਟਰਾਂ ਦੇ ਲੋਕਤੰਤਰੀ ਹੱਕ ਦੀ ਰਾਖੀ ਕੀਤੀ ਜਾਵੇ।