‘ਤੇਰਾ ਭਾਣਾ ਮੀਠਾ ਲਾਗੇ’-ਪਾਰਟੀ ‘ਚੋ ਕੱਢੇ ਜਾਣ ‘ਤੇ ਜਸਵੀਰ ਸਿੰਘ ਗੜ੍ਹੀ ਦਾ ਬਿਆਨ

ਚੰਡੀਗੜ੍ਹ, 6 ਨਵੰਬਰ 2024 : ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ’ਚ ਅਨੁਸ਼ਾਸਨਹੀਣਤਾ ਅਪਣਾਉਣ ਦੇ ਦੋਸ਼ ਲਾ ਕੇ ਬਰਖਾਸਤ ਕਰ ਦਿੱਤਾ ਹੈ ਜਿਸ ਤੋਂ ਬਾਅਦ ਜਸਵੀਰ ਸਿੰਘ ਗੜ੍ਹੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕੀਤਾ ਕਿ “ਤੇਰਾ ਭਾਣਾ ਮੀਠਾ ਲਾਗੇ।” ਜਦੋਂ ਮੁਗਲ ਸ਼ਾਸਕ ਜਹਾਂਗੀਰ ਨੇ ਲਾਹੌਰ ਵਿਚ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗਰਮ ਤਵੀ ‘ਤੇ ਬਿਰਾਜਮਾਨ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਕੁਦਰਤ ਨੂੰ ਯਾਦ ਕਰਦਿਆਂ ਇਹ ਕਿਹਾ ਸੀ, ‘ਤੇਰਾ ਭਾਣਾ ਮੀਠਾ ਲਾਗੇ’। ਅੱਜ ਮੈਂ ਵੀ ਉਸੇ ਪਲ ਵਿੱਚ ਹਾਂ। ਉਨ੍ਹਾਂ ਕਿਹਾ ਕਿ ” ਮੈਂ ਹਾਈਕਮਾਂਡ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ। ਮੈਂ ਭੈਣ ਮਾਇਆਵਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਵਰਕਰਾਂ ਅਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਕਾਰਜਕਾਲ ਦੌਰਾਨ ਮੇਰਾ ਪੂਰਾ ਸਾਥ ਦਿੱਤਾ। ਮੈਂ ਆਪਣੇ ਵਰਕਰਾਂ/ਲੀਡਰਸ਼ਿਪ ਨੂੰ ਆਖ਼ਰੀ ਅਪੀਲ ਕਰਦਾ ਹਾਂ ਕਿ ਉਹ ਪਾਰਟੀ ਦਾ ਦਿਲੋਂ ਸਾਥ ਦੇਣ। ਉਨ੍ਹਾਂ ਅੱਗੇ ਲਿਖਿਆ ਕਿ ” ਕਿਉਂਕਿ ਮੈਨੂੰ ਪਾਰਟੀ ‘ਚੋ ਕੱਢ ਦਿੱਤਾ ਗਿਆ ਹੈ, ਮੈਂ ਭਵਿੱਖ ਵਿੱਚ ਪਾਰਟੀ ਦੇ ਹੱਕ ਵਿੱਚ ਜਾਂ ਵਿਰੋਧੀ ਕੋਈ ਪੋਸਟ ਨਹੀਂ ਪਾਵਾਂਗਾ। ਘਰ ਬੈਠਾਂਗਾ, ਸਮਾਜਿਕ ਮੁੱਦਿਆਂ ‘ਤੇ ਸਮਾਜਿਕ ਲੜਾਈ ਲੜਾਂਗਾ। ਮੇਰਾ ਵਜ਼ਨ 15 ਕਿਲੋ ਵਧ ਗਿਆ ਹੈ, ਮੈਂ ਇਸ ਨੂੰ ਆਉਣ ਵਾਲੇ 3 ਮਹੀਨਿਆਂ ‘ਚ ਠੀਕ ਕਰਾਂਗਾ। ਮੈਂ ਆਪਣੀ ਸਵੇਰ ਦੀ ਸੈਰ ਦੁਬਾਰਾ ਸ਼ੁਰੂ ਕਰਾਂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਵੀ ਧੰਨਵਾਦ।”