ਪੰਜਾਬ ਵਿੱਚ 36 ਹਜ਼ਾਰ ਕੱਚੇ ਮੁਲਜ਼ਮਾਂ ਨੂੰ ਪੱਕੇ ਕਰਨ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਨੇ ਚਰਨਜੀਤ ਸਿੰਘ ਚੰਨੀ , ਮੁੱਖ ਮੰਤਰੀ ਪੰਜਾਬ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ । ਜਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ 36 ਹਜ਼ਾਰ ਐਡਹਾਕ ਕਰਮਚਾਰੀਆਂ ਨੂੰ ਰੈਗੂਲਰ ਕੀਤੇ ਜਾਣ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਰਾਜਪਾਲ ਪੰਜਾਬ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ ਅਤੇ 36 ਹਜ਼ਾਰ ਕੱਚੇ ਕਾਮਿਆਂ ਦੀ ਫ਼ਾਈਲ ਆਪਣੇ ਦਫ਼ਤਰ ਵਿੱਚੋਂ ਬਾਹਰ ਨਹੀਂ ਕੱਢ ਰਹੇ । ਰਾਜਪਾਲ ਵੱਲੋਂ ਅਜਿਹਾ ਕਰਨ ਦੀ ਸੂਰਤ ਵਿੱਚ ਉਹਨਾਂ ਨੇ ਰਾਜਪਾਲ ਭਵਨ ਦਾ ਘੇਰਾਓ ਕਰਨ ਦਾ ਵੀ ਆਪਣੇ ਬਿਆਨ ਵਿੱਚ ਜ਼ਿਕਰ ਕੀਤਾ ।
ਇਸ ਸਬੰਧੀ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਬਿਆਨ ‘ਚ ਜਵਾਬ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਪੇਸ਼ ਕੀਤੇ ਤੱਥਾਂ ਵਿੱਚ ਕੋਈ ਸਚਾਈ ਨਹੀਂ ਹੈ । ਰਾਜਪਾਲ ਪੰਜਾਬ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ 21 ਦਸੰਬਰ ਤੱਕ ਪੰਜਾਬ ਵੱਖ ਵੱਖ ਦੌਰਿਆਂ ‘ਤੇ ਸਨ ਅਤੇ ਮੁੱਖ ਮੰਤਰੀ ਚੰਨੀ ਨੇ 23 ਦਸੰਬਰ ਨੂੰ ਮਿਲਣੀ ਕਰਕੇ ਪੈਂਡਿੰਗ ਪਈਆਂ ਫ਼ਾਈਲਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ । ਸ਼੍ਰੀ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਪੰਜਾਬ ਨੇ ਇਹ ਸਪਸ਼ਟ ਕੀਤਾ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਬਿੱਲ ਉੱਤੇ ਉਹਨਾਂ ਵੱਲੋਂ 6 ਨੁਕਤੇ ਉਠਾ ਕੇ ਉਹਨਾਂ ਦਾ ਜਵਾਬ ਦੇਣ ਲਈ ਸਬੰਧਤ ਫ਼ਾਈਲ 31 ਦਸੰਬਰ ਨੂੰ ਵਾਪਸ ਸੀ ਐੱਮ ਆਫ਼ਿਸ ਭੇਜ ਦਿੱਤੀ ਸੀ, ਜਿਹਨਾਂ ਦਾ ਜਵਾਬ ਦੇ ਕੇ ਪੰਜਾਬ ਸਰਕਾਰ ਨੇ ਹਾਲੇ ਤੱਕ ਫ਼ਾਈਲ ਉਹਨਾਂ ਨੂੰ ਵਾਪਸ ਨਹੀਂ ਭੇਜੀ ।
ਜਿਕਰਯੋਗ ਹੈ ਕਿ ਸਾਲ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣਾਏ ਗਏ ਇਸ ਬਿੱਲ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ ਕਿ ਇਸ ਕੇਸ ਦੀ ਮੌਜੂਦਾ ਸਥਿਤੀ ਦੱਸੀ ਜਾਵੇ ਅਤੇ ਇਹਨਾਂ ਕੇਸਾਂ ਵਿੱਚ ਅੰਤਿਮ ਫ਼ੈਸਲੇ ਆਦਿ ਤੋਂ ਜਾਣੂ ਕਰਵਾਇਆ ਜਾਵੇ ਕਿ ਕੀ ਇਹ ਬਿੱਲ ਸੁਪਰੀਮ ਕੋਰਟ ਵੱਲੋਂ ਸਟੇਟ ਆਫ ਕਰਨਾਟਕ ਬਨਾਮ ਓਮਾ ਦੇਵੀ ਕੇਸ ਦੀ ਜੱਜਮੈਂਟ ਦੇ ਵਿਰੋਧ ਵਿੱਚ ਤਾਂ ਨਹੀਂ ਜਾਂਦਾ ਹੈ ? ਇਸਤਿਂ ਇਲਾਵਾ ਉਠਾਏ ਗਏ ਨੁਕਤਿਆਂ ਵਿੱਚ ਰਾਖਵੇਂਕਰਨ ਦੇ ਨਿਯਮਾਂ ਤੋਂ ਇਲਾਵਾ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਉੱਤੇ ਭਵਿੱਖ ਵਿੱਚ ਪੈਣ ਵਾਲੇ ਵਿੱਤੀ ਬੋਝ ਦੇ ਪ੍ਰਬੰਧ ਵਾਰੇ ਵੀ ਪ੍ਰਸ਼ਨ ਉਠਾਇਆ ਗਿਆ ਹੈ ।