
ਖੰਨਾ, 25 ਦਸੰਬਰ 2024 : ਫਤਿਹਗੜ੍ਹ ਸਾਹਿਬ ਦੀ ਧਰਤੀ ਵਿਖੇ ਨਤਮਸਤਕ ਹੋ ਵਾਪਸ ਆ ਰਹੀ ਸੰਗਤ ਨਾਲ ਖੰਨਾ ਦੇ ਪਿੰਡ ਭਾਦਲਾ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਟਰੈਕਟਰ ਟਰਾਲੀ ਦੀ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਤਾਰੂ (32 ਸਾਲ) ਅਤੇ ਸੁਰਿੰਦਰ ਸਿੰਘ (15) ਵਜੋਂ ਹੋਈ ਹੈ। ਮ੍ਰਿਤਕ ਹਲਕਾ ਖੇਮਕਰਨ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਸਨ। ਹਾਦਸੇ ਚ 10 ਤੋਂ ਵੱਧ ਸ਼ਰਧਾਲੂ ਜਖਮੀ ਹੋਏ। ਮੰਡੀ ਗੋਬਿੰਦਗੜ੍ਹ ਥਾਣਾ ਪੁਲਸ ਜਾਂਚ ਕਰ ਰਹੀ ਹੈ। ਦੂਜੇ ਹਾਦਸੇ ਵਿੱਚ ਬੀਤੀ ਰਾਤ ਸ਼ਾਹਕੋਟ ਤੋਂ ਸ਼੍ਰੀ ਫ਼ਤਿਹਗੜ੍ਹ ਸਾਹਿਬ ਜੋੜ ਮੇਲ ਨੂੰ ਜਾ ਰਹੀ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁਲ 'ਤੇ ਸੰਤੁਲਨ ਵਿਗੜਨ ਕਾਰਨ ਪਲਟ ਗਈ। ਸੰਤੁਲਨ ਗੁਆਉਣ ਤੋਂ ਬਾਅਦ ਟਰੈਕਟਰ ਸੜਕ 'ਤੇ ਪਲਟ ਗਿਆ ਅਤੇ ਸਾਈਡ 'ਤੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾ ਗਿਆ। ਟਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਵਿਚਕਾਰੋਂ ਟੁੱਟ ਗਿਆ। ਇਸ ਟਰੈਕਟਰ ਅਤੇ ਟਰਾਲੀ 'ਤੇ 25 ਤੋਂ 30 ਦੇ ਕਰੀਬ ਸ਼ਰਧਾਲੂ ਸਵਾਰ ਸਨ।