
ਬਠਿੰਡਾ, 20 ਅਪ੍ਰੈਲ 2025 : ਬਠਿੰਡਾ ਏਮਜ਼ ’ਚ ਹੋਈ ਡਾਕਟਰਾਂ ਦੀ ਇੱਕ ਵਰਕਸ਼ਾਪ ’ਚ ਹਿੱਸਾ ਲੈਣ ਲਈ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ ਸਨ। ਇਸ ਦੋ ਰੋਜ਼ਾ ਵਰਕਸ਼ਾਪ ’ਚ ਦੇਸ਼ ਵਿਦੇਸ਼ਾਂ ਚੋਂ ਕਰੀਬ 350 ਡਾਕਟਰਾਂ ਵੱਲੋਂ 22 ਮਰੀਜ਼ਾਂ ਦੀ ਪੱਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਆਪ੍ਰੇਸ਼ਨ ਕੀਤੇ ਜਾਣਗੇ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸ਼ੇ ਦੇ ਕਾਰੋਬਾਰ ਨੂੰ ਲੈਕੇ ਚਿੰਤਾ ਜਤਾਈ ਅਤੇ ਕਿਹਾ ਕਿ 'ਪੰਜਾਬ ਵਿੱਚ ਲਗਾਤਾਰ ਵੱਧ ਰਿਹਾ ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰ ਰਿਹਾ ਹੈ ਅਤੇ ਕਈ ਪਰਿਵਾਰ ਬਰਬਾਦ ਹੋ ਰਹੇ ਹਨ।' ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਕਿਹ ਕਿ 'ਮੈਂ ਜਦੋਂ ਤੋਂ ਪੰਜਾਬ ਵਿੱਚ ਆਇਆ ਹਾਂ ਮੈਂ ਨਸ਼ੇ ਤੋਂ ਗ੍ਰਸਤ ਹੋਏ ਪਰਿਵਾਰਾਂ ਦੀ ਪੀੜ ਦੇਖੀ ਅਤੇ ਉਨ੍ਹਾਂ ਨੂੰ ਸਮਝ ਸਕਦਾ ਹਾਂ। ਅਜਿਹੇ ਪਰਿਵਾਰ ਨਸ਼ੇ 'ਚ ਬਰਬਾਦ ਹੋ ਰਹੇ ਹਨ, ਨੌਜਵਾਨ ਨਸ਼ਾ ਕਰਦੇ ਹਨ ਅਤੇ ਉਨ੍ਹਾਂ ਕੋਲ ਰੁਜ਼ਗਾਰ ਨਹੀਂ ਹੁੰਦਾ, ਇਸ ਲਈ ਇਨ੍ਹਾਂ ਪਰਿਵਾਰਾਂ ਨੂੰ ਸੰਭਾਲਣ ਦੀ ਜਰੂਰਤ ਹੈ, ਜਿੱਥੇ ਅਸੀਂ ਪੰਜਾਬ ਵਿੱਚ ਨਸ਼ਾ ਛੁਡਾਉਣਾ ਹੈ ਉੱਥੇ ਹੀ ਉਨ੍ਹਾਂ ਨੌਜਵਾਨਾਂ ਦੇ ਮੁੜ ਵਸੇਬੇਂ ਲਈ ਉਨ੍ਹਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਾਉਣਾ ਹੈ। ਇਹ ਪੰਜਾਬ ਸੂਰਬੀਰਾਂ ਦਾ ਸੀ ਜਿੱਥੇ ਯੋਧੇ ਪੈਦਾ ਹੁੰਦੇ ਰਹੇ ਨੇ ਪਰ ਅੱਜ ਨਸ਼ੇ ਕਾਰਨ ਬਰਬਾਦ ਹੋ ਰਿਹਾ ਹੈ। ਜਿਸ ਨੂੰ ਕੇਵਲ ਸਰਕਾਰ ਜਾਂ ਪੈਦਲ ਯਾਤਰਾ ਵਰਗੇ ਜਾਗਰੁਕਤਾ ਕੈਂਪ ਹੀ ਨਹੀਂ ਬਲਕਿ ਅਸੀਂ ਵੀ ਸੁਧਾਰਨਾ ਹੈ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲਈਏ। ਦਰਅਸਲ ਪੰਜਾਬ ਦੇ ਗਵਰਨਰ ਨੇ ਅੱਜ ਬਠਿੰਡਾ ਵਿਖੇ ਏਮਸ ਹਸਪਤਾਲ ਵਿੱਚ ਉੱਤਰ ਭਾਰਤ ਦੇ ਡਾਕਟਰਾਂ ਦੀ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ। ਇਸ ਵਿੱਚ ਉਹ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਡਾਕਟਰਾਂ ਦੀ ਵਰਕਸ਼ਾਪ ਨੂੰ ਅਟੈਂਡ ਕੀਤਾ ਅਤੇ ਆਪਣੇ ਤਜੁਰਬੇ ਵੀ ਸਾਂਝੇ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੀਨੀਅਰ ਪਹੁੰਚੇ ਸਨ। ਇਸ ਦੌਰਾਨ ਪੰਜਾਬ ਦੇ ਗਵਰਨ ਨੇ ਕਿਹਾ ਕਿ ਉੱਤਰ ਭਾਰਤ ਦੀ ਵਰਕਸ਼ਾਪ ਵਿੱਚ ਜਿੱਥੇ ਦੇਸ਼ ਭਰ ਦੇ ਡਾਕਟਰ ਜੁੜੇ ਹਨਮ ਉੱਥੇ ਹੀ ਯੂਰੋਲੋਜੀ ਨਾਲ ਪੀੜਤ ਲੋਕਾਂ ਦੀਆਂ ਬਿਮਾਰੀਆਂ ਸਬੰਧੀ ਕਿਡਨੀ ਸਟੋਨਾ ਸਬੰਧੀ ਬਿਨਾਂ ਚੀਰ-ਫਾੜ ਤੋਂ ਹੋਣ ਵਾਲੇ ਇਲਾਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਬਹੁਤ ਸਾਰੇ ਲੋਕ ਪੀੜਤ ਹਨ, ਬਠਿੰਡਾ ਏਮਸ ਨੇ ਥੋੜੇ ਸਮੇਂ ਵਿੱਚ ਹੀ ਬਹੁਤ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਪਹਿਲਾਂ ਲੋਕ ਪੀਜੀਆਈ ਚੰਡੀਗੜ੍ਹ ਅਤੇ ਇਲਾਜ ਲਈ ਬੀਕਾਨੇਰ ਰਾਜਸਥਾਨ ਜਾਂਦੇ ਸਨ ਪਰ ਹੁਣ ਇੱਥੇ ਹੀ ਇਲਾਜ ਸੰਭਵ ਹੋ ਗਏ ਹਨ।