ਨਸ਼ਾ ਲੈਣਾ ਬਿਲਕੁਲ ਵੀ 'ਕੂਲ' ਨਹੀਂ ਹੈ : ਸੁਪਰੀਮ ਕੋਰਟ

  • ਸੁਪਰੀਮ ਕੋਰਟ ਨੇ ਦੇਸ਼ ਦੇ ਨੌਜਵਾਨਾਂ 'ਚ ਵੱਧ ਰਹੇ ਨਸ਼ੇ 'ਤੇ ਪ੍ਰਗਟਾਈ ਚਿੰਤਾ 

ਨਵੀਂ ਦਿੱਲੀ, 16 ਦਸੰਬਰ 2024 : ਸੁਪਰੀਮ ਕੋਰਟ ਨੇ ਦੇਸ਼ ਦੇ ਨੌਜਵਾਨਾਂ 'ਚ ਵੱਧ ਰਹੇ ਨਸ਼ੇ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੇਸ਼ ਵਿੱਚ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਨਸ਼ਿਆਂ ਦੀ ਖਪਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਾ ਲੈਣਾ ਬਿਲਕੁਲ ਵੀ 'ਕੂਲ' ਨਹੀਂ ਹੈ। ਜਸਟਿਸ ਬੀਵੀ ਨਾਗਰਥਨਾ ਅਤੇ ਐੱਨ ਕੋਟਿਸਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਨਸ਼ੇ ਨੂੰ ਵਰਜਿਤ ਨਹੀਂ ਸਮਝਿਆ ਜਾਣਾ ਚਾਹੀਦਾ ਪਰ ਇਸ ਮੁੱਦੇ ਨਾਲ ਨਜਿੱਠਣ ਲਈ ਖੁੱਲ੍ਹੀ ਚਰਚਾ ਦੀ ਲੋੜ ਹੈ। ਜਸਟਿਸ ਨਾਗਰਥਨਾ ਨੇ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੀ ਵਰਤੋਂ ਦੇ ਸਮਾਜਿਕ ਅਤੇ ਆਰਥਿਕ ਖ਼ਤਰਿਆਂ ਦੇ ਨਾਲ-ਨਾਲ ਮਾਨਸਿਕ ਖ਼ਤਰੇ ਵੀ ਹਨ। ਬੈਂਚ ਨੇ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਵਿਰੁੱਧ ਤੁਰੰਤ ਸਮੂਹਿਕ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਮਾਪਿਆਂ, ਸਮਾਜ ਅਤੇ ਸਰਕਾਰਾਂ ਨੂੰ ਮਿਲ ਕੇ ਇਸ ਸਮੱਸਿਆ ਵਿਰੁੱਧ ਲੜਨ ਲਈ ਕਿਹਾ ਹੈ। ਅਸੀਂ ਭਾਰਤ ਵਿਚ ਨਸ਼ਿਆਂ ਦੇ ਮੁੱਦੇ 'ਤੇ ਚੁੱਪ ਰਹਿੰਦੇ ਹਾਂ। ਦੋਸਤਾਂ ਦੇ ਦਬਾਅ ਅਤੇ ਪੜ੍ਹਾਈ ਦੇ ਤਣਾਅ ਕਾਰਨ ਨੌਜਵਾਨ ਇਸ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦਾ ਸਹਾਰਾ ਲੈਣ ਵਾਲਿਆਂ ਦੇ ਮਗਰ ਨਾ ਲੱਗਣ ਅਤੇ ਨਸ਼ਿਆਂ ਦੀ ਵਰਤੋਂ ਸਿਰਫ਼ ਵੰਚਿਤ ਵਰਗ ਤੱਕ ਹੀ ਸੀਮਤ ਨਹੀਂ ਹੈ, ਸਗੋਂ ਆਰਥਿਕ ਤੰਗੀ ਤੋਂ ਵੀ ਪਰੇ ਹੈ। ਸਾਨੂੰ ਉਨ੍ਹਾਂ ਲੋਕਾਂ ਨੂੰ ਸਲਾਹ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਇਸ ਦਾ ਸਹਾਰਾ ਲਿਆ ਹੈ। ਬੈਂਚ ਨੇ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀ ਨਾਲ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਬੈਂਚ ਪਾਕਿਸਤਾਨ ਤੋਂ ਭਾਰਤ ਵਿੱਚ 500 ਕਿਲੋ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਣਾ ਰਹੀ ਸੀ।