ਅੰਬੇਡਕਰ ਮੁੱਦੇ ‘ਤੇ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਹੰਗਾਮਾ, ਅੰਬੇਡਕਰ ਦਾ ਅਪਮਾਨ ਛੁਪਾ ਨਹੀਂ ਸਕਦੀ ਕਾਂਗਰਸ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 18 ਦਸੰਬਰ 2024: ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੰਬੇਡਕਰ ਮੁੱਦੇ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾਲ ਸਬੰਧਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਥਿਤ ਟਿੱਪਣੀ ਨੂੰ ਲੈ ਕੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ 'ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਅਤੇ ਇਲਜ਼ਾਮਬਾਜ਼ੀ ਹੋਈ, ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਇਸ ਤੋਂ ਪਹਿਲਾਂ ਸਵੇਰੇ ਵੀ ਇਸੇ ਮੁੱਦੇ ਨੂੰ ਲੈ ਕੇ ਹੰਗਾਮੇ ਕਾਰਨ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ। ਸਦਨ ਦੀ ਕਾਰਵਾਈ ਵਿੱਚ ਵਿਘਨ ਪੈਣ ਕਾਰਨ ਸਦਨ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ। ਚੇਅਰਮੈਨ ਜਗਦੀਪ ਧਨਖੜ ਨੇ 2 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਕਰਦੇ ਹੋਏ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਦਨ ਵਿਚ ਐਰੋਪ੍ਰੀਏਸ਼ਨ ਬਿੱਲ ਤੋਂ ਪਹਿਲਾਂ ਬੈਂਕਿੰਗ ਬਿੱਲ 'ਤੇ ਚਰਚਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਵਿਰੋਧੀ ਧਿਰ ਨੇ ਵੀ ਅਜਿਹੀ ਹੀ ਬੇਨਤੀ ਕੀਤੀ ਹੈ। ਮੰਗਲਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ‘ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ਅੰਬੇਡਕਰ ਦਾ ਅਪਮਾਨ ਦੱਸਿਆ ਸੀ। ਦਰਅਸਲ,ਇਕ ਦਿਨ ਪਹਿਲਾਂ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ‘ਚ ਸੰਵਿਧਾਨ ‘ਤੇ ਚਰਚਾ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ “ਜੇਕਰ ਉਹ (ਕਾਂਗਰਸ) ਅੰਬੇਡਕਰ ਦਾ ਨਾਂ ਜਿੰਨੀ ਵਾਰੀ ਲੈਂਦੇ ਹਨ, ਓਨੀ ਵਾਰੀ ਰੱਬ ਦਾ ਨਾਂ ਲੈਂਦੇ ਤਾਂ ਉਨ੍ਹਾਂ ਨੂੰ ਸਵਰਗ ਵਿਚ ਥਾਂ ਮਿਲਣੀ ਸੀ।” ਕਾਂਗਰਸ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।

ਅੰਬੇਡਕਰ ਦਾ ਅਪਮਾਨ ਛੁਪਾ ਨਹੀਂ ਸਕਦੀ ਕਾਂਗਰਸ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ : ਇੱਕ ਦਿਨ ਪਹਿਲਾਂ ਰਾਜ ਸਭਾ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਸ਼ਾਹ ‘ਤੇ ਬਾਬਾ ਸਾਹਿਬ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਮਾਮਲਾ ਵਧਦਾ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਖੁਦ ਮੋਰਚਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨੇ ਅੰਬੇਡਕਰ ਵਿਰੁੱਧ ਕਾਂਗਰਸ ਦੁਆਰਾ ਕੀਤੇ ਗਏ ਗੁਨਾਹਾਂ ਦੀ ਸੂਚੀ ਵੀ ਗਿਣਵਾਈ। ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਪੀ ਐਮ ਮੋਦੀ ਨੇ ਕਿਹਾ ਕਿ “ਜੇਕਰ ਕਾਂਗਰਸ ਅਤੇ ਇਸਦਾ ਬੇਕਾਰ ਹੋ ਚੁਕਿਆ ਤੰਤਰ ਇਹ ਸੋਚਦਾ ਹੈ ਕਿ ਉਨ੍ਹਾਂ ਦੇ ਝੂਠ ਉਨ੍ਹਾਂ ਦੇ ਸਾਲਾਂ ਦੇ ਕੁਕਰਮਾਂ, ਖਾਸ ਕਰਕੇ ਡਾ. ਅੰਬੇਡਕਰ ਪ੍ਰਤੀ ਉਨ੍ਹਾਂ ਦੀ ਨਿਰਾਦਰੀ ਨੂੰ ਛੁਪਾ ਸਕਦੇ ਹਨ, ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਭਾਰਤ ਦੇ ਲੋਕਾਂ ਨੇ ਵਾਰ-ਵਾਰ ਦੇਖਿਆ ਹੈ ਕਿ ਕਿਵੇਂ ਇੱਕ ਵੰਸ਼ ਦੀ ਅਗਵਾਈ ਵਾਲੀ ਪਾਰਟੀ ਨੇ ਡਾ. ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਅਤੇ SC-ST ਭਾਈਚਾਰਿਆਂ ਨੂੰ ਅਪਮਾਨਿਤ ਕਰਨ ਲਈ ਹਰ ਸੰਭਵ ਗੰਦੀ ਚਾਲ ਵਰਤੀ ਹੈ। ਉਨ੍ਹਾਂ ਨੇ ਅਗਲੀ ਪੋਸਟ ਵਿੱਚ ਲਿਖਿਆ, ਡਾ: ਅੰਬੇਡਕਰ ਬਾਰੇ ਕਾਂਗਰਸ ਵੱਲੋਂ ਕੀਤੇ ਗਏ ਗੁਨਾਹਾਂ ਵਿੱਚ ਸ਼ਾਮਲ ਹਨ-ਉਨ੍ਹਾਂ ਨੂੰ ਚੋਣਾਂ ਵਿੱਚ ਹਰਾਉਣਾ, ਇੱਕ ਵਾਰ ਨਹੀਂ, ਦੋ ਵਾਰ। ਪੰਡਿਤ ਨਹਿਰੂ ਵੱਲੋਂ ਉਨ੍ਹਾਂ ਵਿਰੁੱਧ ਚੋਣ ਪ੍ਰਚਾਰ ਕਰਨਾ ਅਤੇ ਉਨ੍ਹਾਂ ਦੀ ਹਾਰ ਨੂੰ ਮੁੱਦਾ ਬਣਾਇਆ। ਉਨ੍ਹਾਂ ਨੂੰ ਭਾਰਤ ਰਤਨ ਨਾ ਦੇਣਾ। ਸੰਸਦ ਦੇ ਸੈਂਟਰਲ ਹਾਲ ‘ਚ ਉਨ੍ਹਾਂ ਦੀ ਤਸਵੀਰ ਨੂੰ ਜਗ੍ਹਾ ਨਹੀਂ ਦਿੱਤੇ ਜਾਣਾ। 

ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ : ਅਮਿਤ ਸ਼ਾਹ 
ਕਾਂਗਰਸ ਅੰਬੇਡਕਰ ਵਿਰੋਧੀ, ਰਾਖਵਾਂਕਰਨ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਪਾਰਟੀ ਹੈ। ਕਾਂਗਰਸ ਨੇ ਸਾਵਰਕਰ ਦਾ ਅਪਮਾਨ ਕੀਤਾ ਅਤੇ ਐਮਰਜੈਂਸੀ ਲਗਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ, ਨਿਆਂਪਾਲਿਕਾ ਦਾ ਅਪਮਾਨ ਕੀਤਾ, ਫੌਜ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਅਤੇ ਭਾਰਤ ਦੀ ਧਰਤੀ ਨੂੰ ਸੰਵਿਧਾਨ ਤੋੜ ਕੇ ਦੂਜੇ ਦੇਸ਼ਾਂ ਨੂੰ ਦੇਣ ਦੀ ਸਾਜ਼ਿਸ਼ ਰਚੀ। ਅਮਿਤ ਸ਼ਾਹ ਨੇ ਕਿਹਾ ਕਿ ਸੰਸਦ ‘ਚ ਇਸ ਗੱਲ ‘ਤੇ ਚਰਚਾ ਹੋਈ ਕਿ ਕਾਂਗਰਸ ਨੇ ਅੰਬੇਡਕਰ ਨੂੰ ਚੋਣਾਂ ‘ਚ ਕਿਵੇਂ ਹਰਾਇਆ। ਕਾਂਗਰਸ ਨੇ ਇਸ ਲਈ ਵਿਸ਼ੇਸ਼ ਯਤਨ ਕੀਤੇ ਅਤੇ ਆਪਣੀ ਹਾਰ ਯਕੀਨੀ ਬਣਾਈ। ਜਿੱਥੋਂ ਤੱਕ ਭਾਰਤ ਰਤਨ ਦੇਣ ਦਾ ਸਵਾਲ ਹੈ, ਕਾਂਗਰਸੀ ਆਗੂ ਆਪਣੇ ਆਪ ਨੂੰ ਹੀ ਭਾਰਤ ਰਤਨ ਦਿੰਦੇ ਰਹੇ ਹਨ, ਪਰ ਬਾਬਾ ਸਾਹਿਬ ਨੂੰ ਭਾਰਤ ਰਤਨ ਉਦੋਂ ਮਿਲਿਆ ਜਦੋਂ ਕਾਂਗਰਸ ਸੱਤਾ ਵਿੱਚ ਨਹੀਂ ਸੀ। ਕਾਂਗਰਸ ਨੇ ਬਾਬਾ ਸਾਹਿਬ ਨੂੰ ਭਾਰਤ ਰਤਨ ਦੇਣ ਤੋਂ ਰੋਕਣ ਲਈ ਹਮੇਸ਼ਾ ਯਤਨ ਕੀਤੇ। ਅਮਿਤ ਸ਼ਾਹ ਨੇ ਕਿਹਾ ਕਿ ਮੈਂ ਅਜਿਹੀ ਪਾਰਟੀ ਤੋਂ ਆਉਂਦਾ ਹਾਂ ਜੋ ਕਦੇ ਵੀ ਅੰਬੇਡਕਰ ਦਾ ਅਪਮਾਨ ਨਹੀਂ ਕਰ ਸਕਦੀ। ਮੈਂ ਰਾਜ ਸਭਾ ਵਿੱਚ ਜੋ ਵੀ ਕਿਹਾ, ਕਾਂਗਰਸ ਨੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਕਾਂਗਰਸ ਨੇ ਸੱਚ ਨੂੰ ਝੂਠ ਦਾ ਪੁਸ਼ਾਕ ਪਾ ਕੇ ਭੰਬਲਭੂਸਾ ਫੈਲਾਇਆ ਹੈ, ਕਾਂਗਰਸ ਰਾਖਵੇਂਕਰਨ ਦਾ ਵੀ ਵਿਰੋਧ ਕਰਦੀ ਰਹੀ ਹੈ। ਮੰਡਲ ਕਮਿਸ਼ਨ ਦੀ ਰਿਪੋਰਟ 31 ਦਸੰਬਰ 1980 ਨੂੰ ਆਈ ਸੀ, ਇਸ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ, ਜਦੋਂ 1990 ਵਿੱਚ ਗੈਰ-ਕਾਂਗਰਸੀ ਸਰਕਾਰ ਆਈ ਤਾਂ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ। ਉਸ ਸਮੇਂ ਰਾਜੀਵ ਗਾਂਧੀ ਵਿਰੋਧੀ ਧਿਰ ਦੇ ਨੇਤਾ ਸਨ, ਜਿਨ੍ਹਾਂ ਨੇ ਓਬੀਸੀ ਰਿਜ਼ਰਵੇਸ਼ਨ ਵਿਰੁੱਧ ਲੰਬਾ ਭਾਸ਼ਣ ਦਿੱਤਾ ਸੀ। ਅਮਿਤ ਸ਼ਾਹ ਨੇ ਕਿਹਾ ਕਿ ਅੰਬੇਡਕਰ ਦਾ ਸਾਰੀ ਉਮਰ ਵਿਰੋਧ ਕਰਨ ਵਾਲੇ ਗਲਤਫਹਿਮੀਆਂ ਫੈਲਾ ਰਹੇ ਹਨ, ਮੇਰਾ ਪੂਰਾ ਬਿਆਨ ਰਾਜ ਸਭਾ ਦੇ ਰਿਕਾਰਡ ‘ਤੇ ਹੈ, ਜਦੋਂ ਕਾਂਗਰਸ ਕੋਲ ਕੋਈ ਜਵਾਬ ਨਹੀਂ ਬਚਿਆ ਸੀ, ਉਸ ਨੇ ਮੇਰੇ ਬਿਆਨ ਦਾ ਅੱਧਾ ਹਿੱਸਾ ਦਿਖਾ ਕੇ ਗਲਤਫਹਿਮੀ ਫੈਲਾਈ ਹੈ। ਮੈਂ ਉਸ ਪਾਰਟੀ ਤੋਂ ਹਾਂ ਜੋ ਸੁਪਨੇ ਵਿੱਚ ਵੀ ਬਾਬਾ ਸਾਹਿਬ ਦੇ ਵਿਚਾਰਾਂ ਦਾ ਅਪਮਾਨ ਨਹੀਂ ਕਰ ਸਕਦੀ। ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਸੰਵਿਧਾਨ ਨੂੰ ਸਮਾਵੇਸ਼ੀ ਬਣਾਉਣ ਅਤੇ ਦਲਿਤਾਂ ਨੂੰ ਇੰਨੇ ਡੂੰਘੇ ਪੱਧਰ ‘ਤੇ ਪਹੁੰਚਣ ਵਿੱਚ ਬਾਬਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਜੋ ਵਾਂਝੇ ਲੋਕਾਂ ਨੂੰ ਨਿਆਂ ਪ੍ਰਦਾਨ ਕੀਤਾ ਜਾ ਸਕੇ। ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ ਜਿਸ ਨਾਲ ਬਾਬਾ ਸਾਹਿਬ ਦਾ ਅਪਮਾਨ ਹੋਵੇ। ਮੈਂ ਕਾਂਗਰਸ ਦੀਆਂ ਕੋਝੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ।  

ਕਾਂਗਰਸ ਨੇ ਅੰਬੇਡਕਰ ਜੀ ਦਾ ਅਪਮਾਨ ਕੀਤਾ ਹੈ : ਰਿਜਿਜੂ
ਅੱਜ ਰਾਜ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਲਈ ਵਿਰੋਧੀ ਧਿਰ ਨੂੰ ਘੇਰਿਆ। ਰਿਜਿਜੂ ਨੇ ਕਿਹਾ ਕਿ ਕੱਲ੍ਹ ਆਪਣੇ ਭਾਸ਼ਣ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਪ੍ਰਤੀ ਸਾਡੀ ਸ਼ਰਧਾ ਨੂੰ ਸਪੱਸ਼ਟ ਰੂਪ ਵਿੱਚ ਦਿਖਾਇਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਅੰਬੇਡਕਰ ਜੀ ਦਾ ਅਪਮਾਨ ਕੀਤਾ ਹੈ। ਇੰਨੇ ਸਾਲਾਂ ਤੱਕ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਭਾਰਤ ਰਤਨ ਨਹੀਂ ਦਿੱਤਾ ਅਤੇ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਅਤੇ ਇੱਕ ਸਾਜ਼ਿਸ਼ ਤਹਿਤ 1952 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਹਰਾਇਆ... ਮੈਂ ਬਾਬਾ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਵਿਅਕਤੀ ਹਾਂ। ਰਿਜਿਜੂ ਜਦੋਂ ਵਿਰੋਧੀ ਧਿਰ ਨੂੰ ਘੇਰ ਰਹੇ ਸਨ ਤਾਂ ਸਦਨ ਵਿੱਚ ਭਾਰੀ ਹੰਗਾਮਾ ਹੋਇਆ। ਜਿਸ ਕਾਰਨ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਪਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿੱਚ ਵੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।