ਛੱਤੀਸਗੜ੍ਹ ਦੇ ਮੁੰਗੇਲੀ 'ਚ ਚਿਮਨੀ ਡਿੱਗਣ ਕਾਰਨ 30 ਲੋਕ ਦੱਬੇ, ਕਈਆਂ ਦੀ ਮੌਤ ਦਾ ਖਦਸ਼ਾ

ਮੁੰਗੇਲੀ, 09 ਜਨਵਰੀ 2025 : ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਕੁਸੁਮ ਪਲਾਂਟ ਦੀ ਚਿਮਨੀ ਡਿੱਗਣ ਕਾਰਨ ਕਰੀਬ 30 ਲੋਕ ਦੱਬੇ ਹੋਏ ਹਨ। ਇਨ੍ਹਾਂ 'ਚੋਂ 8 ਤੋਂ 9 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁਸੁਮ ਪਲਾਂਟ ਵਿੱਚ ਕੰਮ ਚੱਲ ਰਿਹਾ ਸੀ। ਚਿਮਨੀ ਦੇ ਅਚਾਨਕ ਡਿੱਗਣ ਕਾਰਨ ਉਥੇ ਕੰਮ ਕਰ ਰਹੇ ਲੋਕ ਮਲਬੇ ਹੇਠਾਂ ਦੱਬ ਗਏ। ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਘਟਨਾ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹੁਣ ਤੱਕ ਦੋ ਲੋਕਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਲਬੇ ਹੇਠਾਂ ਦੱਬੇ ਹੋਰ ਲੋਕਾਂ ਨੂੰ ਕੱਢਣ 'ਚ ਲੱਗੇ ਹੋਏ ਹਨ। ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਮੌਕੇ 'ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ਾਸਨ ਨੇ ਇਹ ਸੰਖਿਆ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਜ਼ਖਮੀਆਂ ਦਾ ਸਥਾਨਕ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਗੰਭੀਰ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਪਲਾਂਟ ਵਿੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਹਾਦਸੇ ਨਾਲ ਸਥਾਨਕ ਲੋਕਾਂ ਵਿੱਚ ਗੁੱਸਾ ਹੈ। ਇਲਾਕੇ ਦੇ ਲੋਕਾਂ ਨੇ ਪਲਾਂਟ ਪ੍ਰਬੰਧਕਾਂ ’ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ।