
- ਨਕਸਲਬਾੜੀ ਦੇ ਸ਼ਹੀਦਾਂ ਦੀ ਵਿਚਾਰਧਾਰਾ ਸਾਡਾ ਅਮੁੱਲ ਸਰਮਾਇਆ -ਨਰਾਇਣ ਦੱਤ
ਰਾਏਕੋਟ 30 ਜਨਵਰੀ (ਭੁਪਿੰਦਰ ਸਿੰਘ ਧਨੇਰ) : ਜਾਬਰ ਹਕੂਮਤ ਨੇ 26 ਜਨਵਰੀ 1972 ਨੂੰ ਪਿਆਰਾ ਸਿੰਘ ਦੱਧਾਹੂਰ, ਬੇਅੰਤ ਸਿੰਘ ਮੂੰਮ ਅਤੇ ਮੁਹੰਮਦ ਸ਼ਰੀਫ਼ ਕਾਂਝਲਾ ਨੂੰ ਪੁਲਿਸ ਨੇ ਪੁਲਿਸ ਮੁਕਾਬਲੇ ਰਾਹੀਂ ਸ਼ਹੀਦ ਕਰ ਦਿੱਤਾ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਨਰਿੰਦਰ ਸਿੰਗਲਾ,ਮਿਲਖਾ ਸਿੰਘ ਅਤੇ ਬਲਦੇਵ ਸਿੰਘ ਮੰਡੇਰ ਨੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦਾਂ ਦੀ ਸੂਹੀ ਲਾਟ ਉੱਪਰ ਸੂਹਾ ਲਾਲ ਪਰਚਮ ਲਹਿਰਾਉਣ ਦੀ ਰਸਮ ਸ਼ਹੀਦ ਪਿਆਰਾ ਸਿੰਘ ਦੱਧਾਹੂਰ ਦੇ ਭੈਣ ਸ਼ਿੰਦਰ ਕੌਰ, ਸ਼ਹੀਦ ਮੁਹੰਮਦ ਸ਼ਰੀਫ਼ ਕਾਂਝਲਾ ਦੇ ਬੇਟੇ ਤੋਤਾ ਖ਼ਾਂ, ਸ਼ਹੀਦ ਬੇਅੰਤ ਸਿੰਘ ਮੂੰਮ ਦੇ ਭਤੀਜੇ ਮਹਿੰਦਰ ਸਿੰਘ ਮੂੰਮ, ਸ਼ਹੀਦ ਟਹਿਲ ਸਿੰਘ ਦੱਧਾਹੂਰ ਦੇ ਬੇਟੇ ਟਹਿਲ ਸਿੰਘ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅਦਾ ਕੀਤੀ। ਇਸ ਸਮੇਂ ਬੁਲਾਰੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਰਜਿੰਦਰ ਪਾਲ, ਹਰਪ੍ਰੀਤ ਸਿੰਘ, ਜਗਰਾਜ ਸਿੰਘ ਹਰਦਾਸਪੁਰਾ, ਅਵਨੀਤ ਕੌਰ ਨੇ ਕਿਹਾ ਕਿ ਸਾਡੇ ਸਾਥੀਆਂ ਨੂੰ ਭਲੇ ਹੀ ਸਰੀਰਕ ਰੂਪ ਵਿੱਚ ਵਿਛੜਿਆਂ ਅੱਧੀ ਸਦੀ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ, ਪਰ ਉਨ੍ਹਾਂ ਦੀ ਵਿਚਾਰਧਾਰਾ ਅਮਿੱਟ ਵੀ ਹੈ,ਅਮਰ ਵੀ ਹੈ। ਹਾਲਤਾਂ ਵੀ ਉਸ ਸਮੇਂ ਨਾਲੋਂ ਬਦ ਤੋਂ ਬਦਤਰ ਹੋਈਆਂ ਹਨ। ਉਸ ਸਮੇਂ ਜਗੀਰਦਾਰ ਹਜ਼ਾਰਾਂ ਏਕੜ ਜ਼ਮੀਨ ਦੀ ਮਾਲਕ ਸਨ, ਛੋਟੇ ਅਤੇ ਬੇਜ਼ਮੀਨੇ ਕਿਸਾਨ ਜ਼ਮੀਨਾਂ ਤੋਂ ਵਿਹੂਣੇ ਸਨ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਲੜ੍ਹਾਈ ਵੱਡੇ ਜਗੀਰਦਾਰਾਂ ਕੋਲੋਂ ਜ਼ਮੀਨਾਂ ਖੋਹਕੇ ਅਸਲ ਜ਼ਮੀਨ ਹਲਵਾਹਕਾਂ ਨੂੰ ਵੰਡਣ ਦੀ ਲੜ੍ਹਾਈ ਸੀ। ਅੱਜ ਵੀ ਸਾਮਰਾਜੀ ਲੁਟੇਰੀ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨੁੱਖੀ ਜੀਵਨ ਦਾ ਅਧਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ਤੇ ਚੱਲ ਰਹੇ ਹਨ। ਇਸੇ ਹੀ ਤਰ੍ਹਾਂ ਲੁੱਟ ਦੇ ਨਾਲ-ਨਾਲ ਵਾਤਾਵਰਨ ਨੂੰ ਤਬਾਹੀ ਵੱਲ ਧੱਕ ਰਹੇ ਹਨ। ਸਿਰਫ਼ ਇਹੀ ਨਹੀਂ ਮੋਦੀ ਹਕੂਮਤ ਨੇ ਫ਼ਿਰਕੂ ਫਾਸ਼ੀ ਹੱਲਾ ਤੇਜ਼ ਕਰਦਿਆਂ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਵਿਦਿਆਰਥੀਆਂ, ਵਕੀਲਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਜ਼ਬਰ ਦੀ ਮਾਰ ਹੇਠ ਲਿਆਕੇ ਸਾਲਾਂ ਬੱਧੀ ਬਦਨਾਮ ਯੂਏਪੀਏ ਧਾਰਾਵਾਂ ਤਹਿਤ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋਇਆ ਹੈ। ਮੋਦੀ, ਅਮਿਤ ਸ਼ਾਹ ਦੀ ਅਗਵਾਈ ਵਾਲੀ ਫਿਰਕੂ ਫਾਸ਼ੀ ਹਕੂਮਤ ਜ਼ਬਰ ਦਾ ਝੱਖੜ ਝੁਲਾਕੇ 31 ਮਾਰਚ 2026 ਤੱਕ ਨਕਸਲਬਾੜੀ ਲਹਿਰ ਦਾ ਤੁਖਮ ਮਿਟਾਉਣ ਦੀਆਂ ਧਮਕੀਆਂ ਦੇ ਰਹੀ ਹੈ। ਇਨ੍ਹਾਂ ਧਮਕੀਆਂ ਦਾ ਜਵਾਬ ਦੇਣ ਲਈ ਕਿਰਤੀ ਲੋਕਾਂ ਦੀ ਵਿਗਿਆਨਕ ਵਿਚਾਰਧਾਰਾ ਦੇ ਅਧਾਰਤ ਪੈਦਾ ਹੋਈ ਇਸ ਲਹਿਰ ਦੇ ਵਾਰਸ ਲਗਾਤਾਰ ਜੱਦੋ ਜਹਿਦ ਕਰ ਰਹੇ ਨ ਅਤੇ ਅੱਜ ਦਾ ਇਹ ਸ਼ਰਧਾਂਜਲੀ ਸਮਾਗਮ ਵੀ ਉਸੇ ਜੱਦੋ ਜਹਿਦ ਦਾ ਅੰਗ ਹੈ। ਇਸੇ ਲਈ ਸਾਨੂੰ ਮੌਜ਼ੂਦਾ ਚਣੌਤੀਆਂ ਨਾਲ ਨਜਿੱਠਣ ਲਈ ਇਸ ਤਰ੍ਹਾਂ ਦੇ ਸਮਾਗਮ ਹੋਰ ਵੀ ਵੱਧ ਜ਼ੋਰ ਸ਼ੋਰ ਨਾਲ ਮਨਾਉਣ ਦੀ ਲੋੜ ਹੈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਚਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਨਮਾਨਿਤ ਕਰਦਿਆਂ ਹੋਇਆਂ ਅਕਾਸ਼ ਗੁੰਜਾਊ ਇਨਕਲਾਬੀ ਨਾਹਰੇ ਲਗਾਏ। ਇਸ ਤੋਂ ਬਾਅਦ ਪਿੰਡ ਵਿੱਚ ਇਨਕਲਾਬੀ ਜੋਸ਼ੀਲਾ ਮਾਰਚ ਕੀਤਾ ਗਿਆ। ਇਸ ਸਮਾਗਮ ਵਿੱਚ ਸੁਖਵਿੰਦਰ ਸਿੰਘ ਠੀਕਰੀਵਾਲਾ, ਸੰਦੀਪ ਚੀਮਾ, ਜਸਪਾਲ ਸਿੰਘ ਚੀਮਾ, ਹਰਚਰਨ ਚਹਿਲ , ਭਜਨ ਸਿੰਘ ਰੰਗੀਆਂ, ਸੰਦੀਪ ਸਿੰਘ ਸੋਨੀ ਦੱਧਾਹੂਰ, ਗੁਰਦੇਵ ਸਿੰਘ ਕਾਲਸਾਂ, ਭਿੰਦਰ ਸਿੰਘ ਮੂੰਮ, ਭਰਤ ਮੂੰਮ, ਗੁਰਚਰਨ ਸਿੰਘ ਚੁਹਾਣਕੇ, ਮੁਨੀਸ਼ ਕੁਮਾਰ, ਸੂਰਜ, ਗੁਲਵੰਤ ਸਿੰਘ ਆਦਿ ਸਾਥੀਆਂ ਨੇ ਵੀ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਖੁਸ਼ਮੰਦਰਪਾਲ ਹੰਡਿਆਇਆ ਨੇ ਨਿਭਾਈ। ਸ਼ਹੀਦ ਪਿਆਰਾ ਸਿੰਘ ਦੱਧਾਹੂਰ ਦੇ ਬੇਟੇ ਪਰਮਜੀਤ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।