ਮੋਰਿੰਡਾ 3 ਜੂਨ : ਮੋਰਿੰਡਾ ਦੇ ਸ਼ਿਵ ਨੰਦਾ ਸਕੂਲ ਦੇ ਸਾਹਮਣੇ ਬਿਜਲੀ ਦੇ ਇੱਕ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਟ੍ਰਾਂਸਫਾਰਮਰ ਫਟ ਗਿਆ ,ਜਿਸ ਕਾਰਨ ਟਰਾਂਸਫਾਰਮਰ ਦਾ ਸਾਰਾ ਤੇਲ ਵੀ ਸੜਕ 'ਤੇ ਫੈਲ ਗਿਆ ਅਤੇ ਆਸਪਾਸ ਦੇ 20 ਫੁੱਟ ਏਰੀਏ ਵਿੱਚ ਅੱਗ ਹੀ ਅੱਗ ਫੈਲ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਅੱਗ ਫੈਲੀ ਤਾਂ ਉੱਥੇ ਇੱਕ ਕਾਰ ਵੀ ਖੜ੍ਹੀ ਸੀ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਵੱਲੋਂ ਦੂਰ ਕਰਕੇ ਅੱਗ ਤੋ ਬਚਾਇਆ ਗਿਆ।
ਇਸ ਘਟਨਾ ਨਾਲ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਅਤੇ ਕਾਫੀ ਦੇਰ ਤੱਕ ਬਿਜਲੀ ਸਪਲਾਈ ਠੱਪ ਰਹੀ ਜਦਕਿ ਟਰਾਂਸਫਾਰਮਰ ਨਾਲ ਸੰਬੰਧਿਤ ਏਰੀਏ ਦੀ ਬਿਜਲੀ ਕਰੀਬ 4 ਘੰਟਿਆਂ ਤੋ ਵੀ ਵੱਧ ਸਮੇ ਲਈ ਬੰਦ ਹੀ ਰਹੀ, ਜਿਸ ਕਾਰਨ ਇਸ ਟਰਾਂਸਫਾਰਮਰ ਨਾਲ ਜੁੜੇ ਤਿੰਨ ਦਰਜਨ ਘਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਜਿਹੜੀ ਕਿ 4 ਘੰਟਿਆ ਉਪਰੰਤ ਨਵਾਂ ਟਰਾਂਸਫਾਰਮਰ ਲਗਾਉਣ ਨਾਲ ਹੀ ਚਾਲੂ ਕੀਤੀ ਗਈ। ਉਧਰ ਮਹੱਲਾ ਵਾਸੀ ਤਰਸੇਮ ਸਿੰਘ ਸੇਮਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਆ ਰਹੀਆਂ ਹਨ, ਉਹਨਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਤਿੱਖੀ ਧੁੱਪ ਵਿੱਚ ਪਾਣੀ ਨਾ ਮਿਲਣ ਕਾਰਨ ਉਹਨਾਂ ਦੇ ਪਸ਼ੂਆਂ ਨੂੰ ਪਿਆਸੇ ਰਹਿਣਾ ਪਿਆ ਅਤੇ ਮੁਹੱਲਾ ਵਾਸੀਆਂ ਵੱਲੋ ਰਲ ਮਿਲ ਕੇ ਜਰਨੇਟਰ ਮੰਗਵਾ ਕੇ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਸੰਦੀਪ ਸ਼ਰਮਾ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਮਾੜੀ ਹਾਲਤ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਮਾੜਾ ਹਾਲ ਹੈ ਅਤੇ ਬੱਚੇ ਤੇ ਬਜ਼ੁਰਗ ਬਿਜਲੀ ਨਾ ਹੋਣ ਕਾਰਨ ਇਸ ਕੜਾਕੇ ਦੀ ਧੁੱਪ ਅਤੇ ਨਾ ਸਹਿਣ ਯੋਗ ਤਪਸ਼ ਕਾਰਨ ਬਿਮਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਇਸ ਟਰਾਂਸਫਾਰਮਰ ਨੂੰ ਅੱਗ ਲੱਗੀ ਤਾਂ ਉੱਥੇ ਉਹਨਾਂ ਦੀ ਕਾਰ ਵੀ ਖੜੀ ਸੀ ਪਰੰਤੂ ਲੋਕਾਂ ਵੱਲੋਂ ਧਕੇਲ ਕੇ ਦੂਰ ਕਰਨ ਨਾਲ ਕਾਰ ਅੱਗ ਦੀ ਲਪੇਟ ਵਿੱਚ ਆਉਣ ਤੋ ਬਚ ਗਈ। ਇਸ ਮੌਕੇ ਤੇ ਦਲਬੀਰ ਸਿੰਘ, ਹਰੀਸ਼ ਕੁਮਾਰ, ਅਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਆਦਿ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬੀਤੇ ਦੋ ਦਿਨ ਤੋਂ ਬਿਜਲੀ ਬੰਦ ਹੋਣ ਕਾਰਨ ਉਹਨਾਂ ਵੱਲੋ ਆਪਣੇ ਪੱਧਰ ਤੇ ਖਰਚਾ ਕਰਕੇ ਟਰਾਂਸਫਾਰਮਰ ਅਤੇ ਹਾਈਡ੍ਰੋਲਿਕ ਮਸ਼ੀਨ ਲਿਆ ਕੇ ਮੁਹੱਲੇ ਵਿੱਚ ਬਿਜਲੀ ਚਾਲੂ ਕਰਵਾਈ ਗਈ ਸੀ, ਪਰੰਤੂ ਬਿਜਲੀ ਸਪਲਾਈ ਦੇੇ ਕੁਝ ਘੰਟੇ ਚੱਲਣ ਤੋਂ ਬਾਅਦ ਹੀ ਟਰਾਂਸਫਾਰਮਰ ਫਟ ਜਾਣ ਕਾਰਨ ਬਿਜਲੀ ਸਪਲਾਈ ਫਿਰ ਤੋਂ ਠੱਪ ਹੋ ਕੇ ਰਹਿ ਗਈ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨ ਤੋਂ ਬਿਜਲੀ ਦੇ ਵਾਰ ਵਾਰ ਲੱਗ ਰਹੇ ਕੱਟਾਂ ਕਾਰਨ ਅਤੇ ਬਿਜਲੀ ਦੀ ਟ੍ਰਿਪਿੰਗ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਸੀ । ਉਹਨਾਂ ਦੱਸਿਆ ਕਿ ਅੱਜ ਹੀ ਮਹਿਕਮੇ ਵੱਲੋਂ ਇੱਥੇ ਟਰਾਂਸਫਾਰਮਰ ਬਦਲਿਆ ਗਿਆ ਸੀ, ਪਰੰਤੂ ਉਹ ਵੀ ਫਟ ਗਿਆ। ਲੋਕਾਂ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਟਰਾਂਸਫਾਰਮਰ ਓਵਰਲੋਡ ਸੀ। ਉਧਰ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਘਟਨਾ ਸਥਾਨ 'ਤੇ ਪਹੁੰਚ ਗਈਆਂ , ਜਿਨਾਂ ਵੱਲੋ ਅੱਗ ਤੇ ਕਾਬੂ ਪਾਇਆ ਗਿਆ। ਵਾਰਡ ਵਾਸੀਆਂ ਵਿੱਚ ਬਿਜਲੀ ਬੋਰਡ ਦੀ ਮਾੜੀ ਕਾਰਗੁਜ਼ਾਰੀ ਕਾਰਨ ਬਿਜਲੀ ਵਿਭਾਗ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਸੀ।
ਇਸ ਸਬੰਧੀ ਜੇਈ ਸ੍ਰੀ ਪਾਰੂਲ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਓਵਰਲੋਡ ਚੱਲਣ ਕਾਰਨ, ਇਹ ਹਾਦਸਾ ਵਾਪਰਿਆ ਹੈ ਪ੍ਰੰਤੂ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋ ਦੂਜਾ ਟ੍ਰਾਂਸਫਾਰਮਰ ਲਗਾ ਕੇ ਬਿਜਲੀ ਸਪਲਾਈ ਚਾਲੂ ਕੀਤੀ ਜਾ ਚੁੱਕੀ ਹੈ । ਉਨਾ ਸਮੂਹ ਬਿਜਲੀ ਖਪਤਕਾਰਾਂ ਨੂੰ ਆਪੋ ਆਪਣੇ ਘਰਾਂ ਦਾ ਬਿਜਲੀ ਲੋਡ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਹੀ ਲੋਡ ਅਨੁਸਾਰ ਲੋੜੀਂਦੇ ਟਰਾਂਸਫਾਰਮਰ ਲਗਾਏ ਜਾ ਸਕਣ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋ ਬਚਿਆ ਜਾ ਸਕੇ ।