ਅੱਜ ਸੇਵਾ ਮੁਕਤੀ ਤੇ ਵਿਸ਼ੇਸ਼ : ਵਿਲੱਖਣ ਸ਼ਖ਼ਸੀਅਤ ਦੇ ਮਾਲਕ ਡਾ. ਗੁਰਦਾਸ ਸਿੰਘ ਸੇਖੋਂ 

ਸ੍ਰੀ ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾ. ਗੁਰਦਾਸ ਸਿੰਘ ਸੇਖੋਂ ਸਮਾਜ ਸੇਵੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਮਿਹਨਤੀ ਅਤੇ ਸਿਰੜੀ ਕਿਸਾਨ ਸ੍ਰ. ਕੇਹਰ ਸਿੰਘ ਬਹਾਵਲਪੁਰੀਏ ਤੇ ਸਰਦਾਰਨੀ ਪੰਜਾਬ ਕੌਰ ਦੇ ਸਪੁੱਤਰ ਸ੍ਰ. ਜਰਨੈਲ ਸਿੰਘ ਸੇਖੋਂ ਦੇ ਘਰ ਸਰਦਾਰਨੀ ਬਲਦੇਵ ਕੌਰ ਦੀ ਕੁੱਖੋਂ 05 ਅਪ੍ਰੈਲ 1965 ਨੂੰ ਪੈਦਾ ਹੋਏ ਗੁਰਦਾਸ  ਸਿੰਘ ਸੇਖੋਂ ਨੇ ਵਿੱਦਿਆ, ਅਧਿਆਪਨ ਅਤੇ ਟੀਚਰ-ਯੂਨੀਅਨ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕੀਤੀਆਂ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਪਿੰਡ ਝੰਡੇਆਣਾ ਪੱਛਮੀ (ਮੋਗਾ) ਤੋਂ ਪ੍ਰਾਪਤ ਕੀਤੀ। ਬੀ ਏ ਦੀ ਡਿਗਰੀ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਛਾਉਣੀ ਤੋਂ ਕਰਨ ਉਪਰੰਤ ਐਮ ਏ ਅਤੇ ਐਮ ਫਿਲ, ਅਰਥ ਸ਼ਾਸਤਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਸਕੂਲ ਵਿੱਚ ਮਾਸਟਰ ਰਣਜੀਤ ਸਿੰਘ, ਕਾਲਜ ਵਿੱਚ ਪ੍ਰੋਫੈਸਰ ਐਸ ਪੀ ਅਨੰਦ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਸੁਰਿੰਦਰ ਸਿੰਘ ਅਤੇ ਡਾ. ਸੁੱਚਾ ਸਿੰਘ ਗਿੱਲ ਉਹਨਾਂ ਦੇ ਮਾਰਗ ਦਰਸ਼ਕ ਰਹੇ। ਉਹ 1994 ਵਿੱਚ ਹਰਵਿੰਦਰ ਕੌਰ ਨਾਲ ਵਿਆਹ ਬੰਧਨ ਵਿੱਚ ਬੱਝੇ ਅਤੇ ਜੋੜੀ ਨੇ ਆਪਣੇ ਪੁੱਤਰ ਜਗਤਪਾਲ ਸਿੰਘ ਅਤੇ ਬੇਟੀ ਸਿਮਰਨਪ੍ਰੀਤ ਕੌਰ ਨੂੰ ਵਧੀਆ ਸਿੱਖਿਆ ਦਿੱਤੀ ਜੋ ਅੱਜ ਕੈਨੇਡਾ ਵਿੱਚ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹਨ। ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੀ ਨੂੰਹ ਰਾਣੀ ਕਮਲਜੀਤ ਕੌਰ ਦੀ ਕੁੱਖੋਂ ਸ਼ਹਿਜ਼ਾਦ ਸਿੰਘ ਸੇਖੋਂ ਦੇ ਰੂਪ ਵਿੱਚ ਪੋਤਰੇ ਦੀ ਦਾਤ ਦਿੱਤੀ। ਡਾ. ਗੁਰਦਾਸ ਸਿੰਘ ਸੇਖੋਂ ਨੇ ਆਪਣਾ ਅਧਿਆਪਨ ਕਾਰਜ 1990 ਵਿੱਚ ਗਿਆਨੀ ਗੁਰਬਖਸ਼ ਸਿੰਘ ਡੀ ਏ ਵੀ ਕਾਲਜ ਜਲਾਲਾਬਾਦ (ਪੱਛਮੀ) ਤੋਂ ਸ਼ੁਰੂ ਕੀਤਾ । ਤਕਰੀਬਨ 12 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਉਹਨਾਂ ਦੀ ਬਦਲੀ ਡੀ ਏ ਵੀ ਕਾਲਜ ਅੰਮ੍ਰਿਤਸਰ ਵਿੱਚ ਹੋ ਗਈ। ਜੁਲਾਈ 2002 ਤੋਂ ਲੈ ਕੇ ਹੁਣ ਤੱਕ ਉਹ ਆਪਣੀਆਂ ਸੇਵਾਵਾਂ ਡੀ ਏ ਵੀ ਕਾਲਜ ਅੰਮ੍ਰਿਤਸਰ ਵਿੱਚ ਬਾਖੂਬੀ ਨਿਭਾ ਰਹੇ ਹਨ। ਏਸੇ ਦੌਰਾਨ ਉੁਹਨਾਂ ਨੇ ਡਾਕਟਰੇਟ ਦੀ ਡਿਗਰੀ ਵੀ ਹਾਸਲ ਕੀਤੀ। ਉਹਨਾਂ ਨੇ ਆਪਣੀ ਸਰਵਿਸ ਦੌਰਾਨ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਅਧਿਆਪਕਾਂ ਦੀਆ ਹੱਕੀ ਮੰਗਾਂ ਲਈ ਅੱਗੇ ਵੱਧ ਕੇ ਕੰਮ ਕੀਤਾ। ਅਧਿਆਪਕਾਂ ਦੀ ਇਸ ਸਿਰਮੌਰ ਜਥੇਬੰਦੀ ਦੇ ਉਹ ਜੁਲਾਈ 2022 ਤੋਂ ਜਨਰਲ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਹਨ। ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਅਤੁੱਟ ਪਿਆਰ ਕਾਰਨ ਉਹ ਡੀ ਏ ਵੀ ਕਾਲਜ ਅੰਮ੍ਰਿਤਸਰ ਦੀ ਭੰਗੜਾ ਟੀਮ ਦੇ ਇੰਚਾਰਜ ਰਹੇ ਅਤੇ ਉਹਨਾਂ ਦੀ ਰਹਿਨੁਮਾਈ ਥੱਲੇ ਕਾਲਜ ਦੀ ਭੰਗੜਾ ਟੀਮ ਨੇ ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਜ਼ੋਨਲ ਅਤੇ ਅੰਤਰ ਜ਼ੋਨਲ ਯੂਥ ਫੈਸਟੀਵਲ ਵਿੱਚ ਚੈਂਪੀਅਨ ਟਰਾਫੀ ਹਾਸਲ ਕੀਤੀ। ਅਪ੍ਰੈਲ 2024 ਤੋਂ ਉਹ ਪੋਸਟ ਗ੍ਰਰੈਜੂਏਟ ਪੰਜਾਬੀ ਵਿਭਾਗ ਡੀ ਏ ਵੀ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਕੋਆਰਡੀਨੇਟਰ ਕੰਮ ਕਰ ਰਹੇ ਹਨ। ਡਾ਼. ਗੁਰਦਾਸ ਸਿੰਘ ਸੇਖੋਂ 30 ਅਪ੍ਰੈਲ 2025 ਨੂੰ ਡੀ ਏ ਵੀ ਕਾਲਜ ਅੰਮ੍ਰਿਤਸਰ ਤੋਂ ਆਪਣੇ ਅਹੁੱਦੇ ਤੋਂ ਸੇਵਾ ਮੁਕਤ ਹੋ ਰਹੇ ਹਨ। ਅਸੀ ਉਹਨਾਂ ਦੀ ਸੇਵਾ ਮੁਕਤੀ ਤੇ ਪਰਮਾਤਮਾ ਅੱਗੇ ਉਹਨਾਂ ਦੀ ਅਗਲੇਰੀ ਸੁਖੀ ਅਤੇ ਖੁਸ਼ਹਾਲ ਜਿੰਦਗੀ ਲਈ ਅਰਦਾਸ ਕਰਦੇ ਹਾਂ।