ਮੰਡੀਆਂ ਵਿੱਚ ਕਣਕ ਦੇ ਦਾਣਿਆਂ ਤੇ ਆ ਰਹੇ ਕਾਲੇਪਣ ਸਬੰਧੀ ਕੀਤੀ ਗਈ ਚੈਕਿੰਗ: ਮੁੱਖ ਖੇਤੀਬਾੜੀ ਅਫਸਰ

ਸ੍ਰੀ ਮੁਕਤਸਰ ਸਾਹਿਬ 29 ਅਪ੍ਰੈਲ 2025 : ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਦੀਆਂ ਵੱਖ—ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਨਵੀਂ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਡੇਰੀ ਦੇ 1 ਤੋਂ 2 ਪ੍ਰਤੀਸਤ  ਦਾਣਿਆਂ ਉਪਰ ਕਾਲੇ ਰੰਗ ਦਾ ਪਾਊਡਰ ਪਾਇਆ ਗਿਆ ਹੈ। ਇਸੇ ਤਰ੍ਹਾਂ  ਹੀ ਪਿੰਡ ਕੋਟਲੀ ਸੰਘਰ ਦੀ ਦਾਣਾ ਮੰਡੀ ਵਿੱਚ ਕੁਝ ਕੁ ਢੇਰੀਆਂ ਵਿੱਚ 2 ਤੋਂ 3 ਪ੍ਰਤੀਸਤ ਕਣਕ ਦੇ ਦਾਣੇ ਪ੍ਰਭਾਵਿਤ ਪਾਏ ਗਏ। ਉਹਨਾਂ ਦੱਸਿਆ ਕਿ ਇਹਨਾਂ ਦਾਣਿਆਂ ਦੇ ਸੈਂਪਲ ਵਿਭਾਗ ਦੇ ਮੰਡੀਕਰਨ ਸੈਕਸ਼ਨ ਵੱਲੋਂ ਅਤੇ ਕੇ.ਵੀ.ਕੇ. ਸ੍ਰੀ ਮੁਕਤਸਰ ਸਾਹਿਬ ਵੱਲੋਂ ਪੀ.ਏ.ਯੂ ਲੁਧਿਆਣਾ ਵਿਖੇ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ।  ਉਹਨਾਂ  ਦੱਸਿਆ ਕਿ ਖਦਸ਼ਾ ਹੈ ਕਿ ਇਹ ਬਿਮਾਰੀ ਕਰਨਾਲ ਬੰਟ ਹੀ ਹੈ, ਜਦ ਕਿ ਇਸ ਦੀ ਪੁਸ਼ਟੀ ਰਿਪੋਰਟ ਪ੍ਰਾਪਤ ਹੋਣ ਤੇ ਹੀ ਹੋ ਸਕੇਗੀ। ਸੇਮ ਪ੍ਰਭਾਵਿਤ ਰਕਬੇ ਵਿੱਚ ਜਿਆਦਾ ਸਿੱਲ ਵਾਲੀਆਂ ਜਮੀਨਾਂ ਇਸ ਬਿਮਾਰੀ ਦੇ ਆਉਣ ਲਈ ਅਨੁਕੂਲ ਸਾਬਿਤ ਹੋਈਆਂ ਹਨ। ਇਸ ਵਾਰ ਕਣਕ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੋਣ ਕਾਰਨ ਜਿ਼ਆਦਾਤਰ ਕਿਸਾਨਾਂ ਵੱਲੋਂ ਕਣਕ ਦੀ ਫਸਲ ਉਪਰ ਇੱਕ ਵੀ ਉਲੀਨਾਸ਼ਕ ਸਪਰੇਅ ਨਹੀਂ ਕੀਤੀ ਗਈ ਅਤੇ ਇਸ ਤੋਂ ਇਲਾਵਾ ਕਈ ਵਾਰ ਬਿਜਾਈ ਸਮੇਂ ਕਣਕ ਦਾ ਬੀਜ ਵੀ ਨਹੀਂ ਸੋਧਿਆ ਜਾਂਦਾ, ਜਿਸ ਦੇ ਸਿੱਟੇ ਵਜੋਂ ਜਿ਼ਲ੍ਹੇ ਅੰਦਰ ਕਣਕ ਦੀਆਂ ਕੁਝ ਕੁ ਢੇਰੀਆਂ ਦੇ ਕੁਝ ਕੁ ਦਾਣਿਆਂ ਵਿੱਚ ਇਹ ਬਿਮਾਰੀ ਦੇਖਣ ਨੂੰ ਮਿਲੀ ਹੈ। ਉਹਨਾਂ  ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਾਨ ਦੀ ਫਸਲ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਈ ਹੈ ਤਾਂ ਉਹ ਪ੍ਰਭਾਵਿਤ ਹੋਈ ਕਣਕ ਵਿਚੋਂ ਅਗਲੀ ਹਾੜ੍ਹੀ ਦੇ ਬਿਜਾਈ ਲਈ ਬੀਜ਼ ਬਿਲਕੁਲ ਵੀ ਨਾ ਰੱਖਣ, ਜਿਸ ਨਾਲੀ ਅਗਲੇ ਸੀਜ਼ਨ ਵਿੱਚ ਇਸ ਬਿਮਾਰੀ ਨੂੰ ਰੋਕਣ ਵਿੱਚ ਆਸਾਨੀ ਹੋਵੇਗੀ। ਇਸ ਸਮੇਂ ਉਹਨਾਂ ਦੇ ਨਾਲ ਡਾ: ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ: ਅਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ(ਮਾ:) ਤੋਂ ਇਲਾਵਾ ਹੋਰ ਖੇਤੀਬਾੜੀ ਅਧਿਕਾਰੀ ਹਾਜ਼ਰ ਸਨ।