ਮੋਗਾ, 5 ਅਪ੍ਰੈਲ : ਮੋਗਾ ਪੁਲਿਸ ਵੱਲੋਂ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੈਂਗਸਟਰ ਬੰਬੀਹਾ ਅਤੇ ਗੈਂਗਸਟਰ ਗੋਪੀ ਲਾਹੌਰੀਆ ਨਾਲ ਸਬੰਧ ਰੱਖਣ ਵਾਲੇ ਤਿੰਨ ਵਿਅਕਤੀਆਂ ਨੂੰ 3.20 ਲੱਖ ਰੁਪਏ ਦੀ ਫਿਰੌਤੀ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਬਾਲਕ੍ਰਿਸ਼ਨ ਸਿੰਗਲਾ ਐਸ.ਪੀ.ਆਈ., ਹਰਿੰਦਰ ਸਿੰਘ ਡੋਡ ਡੀ.ਐਸ.ਪੀ.ਡੀ. ਅਤੇ ਡੀ.ਐਸ.ਪੀ. ਸਿਟੀ ਰਵਿੰਦਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਥਾਵਾਂ 'ਤੇ ਮਾਰੇ ਗਏ ਛਾਪੇਮਾਰੀ ਦੌਰਾਨ ਫਿਰੌਤੀ ਵਸੂਲਣ ਵਾਲੇ ਗੈਂਗਸਟਰਾਂ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਉਨ੍ਹਾਂ ਦੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਫਿਰੌਤੀ ਦੀ ਰਕਮ ਵੀ ਬਰਾਮਦ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ 1 ਮਾਰਚ ਨੂੰ 2 ਅਣਪਛਾਤੇ ਹਮਲਾਵਰਾਂ ਵਲੋਂ ਅੰਮ੍ਰਿਤਸਰ ਰੋਡ ’ਤੇ ਬੋਪਰਾਏ ਇਮੀਗ੍ਰੇਸ਼ਨ ਦੇ ਸੰਚਾਲਕ ਨੂੰ ਮਾਰਨ ਲਈ ਗੋਲੀ ਚਲਾਈ ਗਈ ਸੀ। ਗੈਂਗਸਟਰਾਂ ਵਲੋਂ ਸੰਚਾਲਕ ਗੁਰਜੀਤ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮਾਮਲੇ ਵਿਚ ਜੋ ਗੋਪੀ ਲਾਹੋਰੀਆ ਗੈਂਗ ਦਾ ਸ਼ੂਟਰ ਦੱਸਿਆ ਜਾਂਦਾ ਹੈ, ਲਵਪ੍ਰੀਤ ਸਿੰਘ ਉਰਫ ਲੱਭੀ ਨਿਵਾਸੀ ਲਾਹੋਰੀਆ ਵਾਲਾ ਮੁਹੱਲਾ ਮੋਗਾ ਅਤੇ ਵਿਕਾਸ ਰਾਮ ਨਿਵਾਸੀ ਬੁੱਕਣਵਾਲਾ ਰੋਡ ਦੋਵਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ ਗਏ ਇਕ 32 ਬੋਰ ਦੇ ਪਿਸਟਲ ਸਮੇਤ ਮੈਗਜੀਨ 3 ਕਾਰਤੂਸ ਅਤੇ ਇਕ ਮੋਟਰ ਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਗੋਪੀ ਲਾਹੋਰੀਆ ਗੈਂਗ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤਰ੍ਹਾਂ ਥਾਣਾ ਧਰਮਕੋਟ ਪੁਲਸ ਵਲੋਂ ਬੀਤੀ 1 ਅਪ੍ਰੈਲ ਨੂੰ ਸੰਜੀਵ ਕੁਮਾਰ ਨਿਵਾਸੀ ਧਰਮਕੋਟ ਦੀ ਸ਼ਿਕਾਇਤ ’ਤੇ ਨਵਦੀਪ ਸਿੰਘ ਉਰਫ ਜੋਤ ਨਿਵਾਸੀ ਕੋਟਕਪੂਰਾ ਅਤੇ ਸੰਦੀਪ ਸਿੰਘ ਗਿੱਲ ਉਰਫ ਹਰਮਨ ਨਿਵਾਸੀ ਅੰਮੀਵਾਲਾ ਹਾਲ ਅਬਾਦ ਦੇ ਇਲਾਵਾ 2 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਹੋਇਆ ਹੈ, ਜਿਸ ਵਿਚ ਸ਼ਿਕਾਇਤ ਕਰਤਾ ਸੰਜੀਵ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ 16 ਮਾਰਚ ਦੀ ਸ਼ਾਮ 3 ਵਜੇ ਦੇ ਕਰੀਬ ਮੋਬਾਇਲ ਨੰਬਰਾਂ ’ਤੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਫਿਰੌਤੀ ਦੇ ਪੈਸੇ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗੲਂ, ਜਿਸ ’ਤੇ ਮੈਂ ਉਕਤ ਨੰਬਰ ਨੂੰ ਬਲਾਕ ਕਰ ਦਿੱਤਾ। ਇਸ ਦੇ ਦੋ ਦਿਨ ਬਾਅਦ ਮੈਂਨੂੰ ਫਿਰ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ’ਤੇ ਮੈਂ ਅਤੇ ਮੇਰਾ ਪਰਿਵਾਰ ਡਰ ਗਿਆ ਅਤੇ ਮੈਂ ਫਿਰੌਤੀ ਦੇ ਪੈਸੇ ਦੇਣ ਲਈ ਤਿਆਰ ਹੋ ਗਿਆ। ਉਸ ਨੇ ਕਿਹਾ ਕਿ ਬੀਤੀ 31 ਮਾਰਚ ਨੂੰ ਨਵਦੀਪ ਸਿੰਘ ਉਰਫ ਜੋਤ 20 ਹਜ਼ਾਰ ਰੁਪਏ ਲੈ ਗਿਆ ਅਤੇ ਦੂਸਰੇ ਪੈਸੇ ਜਲਦੀ ਦੇਣ ਲਈ ਕਿਹਾ ਗਿਆ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਪੁਲਸ ਨੇ ਨਵਦੀਪ ਸਿੰਘ ਉਰਫ ਜੋਤ ਅਤੇ ਸੋਹਣ ਸਿੰਘ ਨੂੰ ਕਾਬੂ ਕਰ ਕੇ ਉਸ ਕੋਲੋਂ ਫਿਰੌਤੀ ਦੇ 3.20 ਲੱਖ ਰੁਪਏ ਨਕਦ, ਇਕ ਰਿਵਾਲਵਰ 32 ਬੋਰ, 6 ਕਾਰਤੂਸ, 3 ਮੋਬਾਈਲ ਫੋਨ ਅਤੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਨਵਦੀਪ ਸਿੰਘ ਉਰਫ ਜੋਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਉਕਤ ਫਿਰੌਤੀ ਦੇ ਪੈਸੇ ਗੈਂਗਸਟਰ ਬੰਬੀਹਾ ਗੈਂਗ ਨਾਲ ਸਬੰਧਤ ਸੰਦੀਪ ਸਿੰਘ ਗਿੱਲ ਉਰਫ਼ ਹਰਮਨ ਨਿਵਾਸੀ ਪਿੰਡ ਅਮੀਵਾਲਾ ਹਾਲ ਕੈਨੇਡਾ ਦੇ ਕਹਿਣ ’ਤੇ ਹਾਸਲ ਕਰਨ ਲਈ ਆਇਆ ਸੀ। ਪੁਲਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਨਵਦੀਪ ਸਿੰਘ ਉਰਫ ਜੋਤ ਖ਼ਿਲਾਫ਼ ਪਹਿਲਾਂ ਵੀ 2023 ਵਿਚ ਥਾਣਾ ਦਿਆਲਪੁਰਾ ਬਠਿੰਡਾ ਵਿਚ ਮਾਮਲਾ ਦਰਜ ਹੈ। ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਭੇਜਣ ਦਾ ਆਦੇਸ਼ ਦਿੱਤਾ। ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਫਿਰੌਤੀਆ ਅਤੇ ਧਮਕਾਉਣ ਦੇ ਹੋਰ ਮਾਮਲਿਆਂ ਦੇ ਸੁਰਾਗ ਵੀ ਮਿਲ ਸਕਣ। ਉਨ੍ਹਾਂ ਨੇ ਦੱਸਿਆ ਕਿ ਬਰਾਮਦ ਹੋਏ 3 ਲੱਖ ਰੁਪਏ ਦੇ ਸਬੰਧ ਵਿਚ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਉਕਤ ਪੈਸੇ ਕਿਥੋਂ ਹਾਸਲ ਕੀਤੇ ਸਨ। ਇਸ ਮਾਮਲੇ ਦੀ ਅਗਲੇਰੀ ਜਾਂਚ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।