ਮਾਨਸਾ, 09 ਸਤੰਬਰ 2024 : ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦੀਆਂ ਨਵੀਂਆਂ ਜਿੰਮੇਵਾਰੀਆਂ ਸੌਂਪਣ ਤੋਂ ਬਾਅਦ ਅੱਜ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਮਾਨਸਾ ਵਿੱਚ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਵਿਸ਼ੇਸ ਤੌਰ ਸਨਮਾਨ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਪਾਰਟੀ ਹਿੱਤਾਂ ਲਈ ਸਮੁੱਚਾ ਜ਼ਿਲ੍ਹਾ ਉਨ੍ਹਾਂ ਦੇ ਨਾਲ ਤਨ-ਮਨ-ਧਨ ਨਾਲ ਖੜ੍ਹਾ ਰਹੇਗਾ। ਸ੍ਰੀ ਭੂੰਦੜ ਦਾ ਅੱਜ ਮਾਨਸਾ ਨੇੜਲੇ ਇਤਿਹਾਸਕ ਗੁਰਦੁਆਰਾ ਸੂਲੀਸਰ ਸਾਹਿਬ ਕੋਟਧਰਮੂ ਵਿਖੇ ਸੰਗਤਾਂ ਦੇ ਇੱਕ ਇਕੱਠ ਦੌਰਾਨ ਸਨਮਾਨ ਕੀਤਾ ਗਿਆ। ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਦਿ੍ਰੜਤਾਪੂਰਣ ਸੰਘਰਸ਼ ਕੀਤਾ ਹੈ, ਜਿਸ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਬਲਵਿੰਦਰ ਸਿੰਘ ਭੂੰਦੜ ਦਾ ਵੀ ਵੱਡਾ ਯੋਗਦਾਨ ਹੈ, ਜਿਸ ਕਰਕੇ ਪਾਰਟੀ ਨੇ ਹੁਣ ਉਨ੍ਹਾਂ ਕਾਰਜਕਾਰੀ ਪ੍ਰਧਾਨ ਦੀ ਵੱਡੀ ਜਿੰਮੇਵਾਰੀ ਸੌਂਪੀ ਹੈ। ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਭੂੰਦੜ ਤੋਂ ਹੁਣ ਪਾਰਟੀ ਨੂੰ ਰਾਜ ਦੇ ਹਿੱਤਾਂ ਲਈ ਵੱਡੀਆਂ ਉਮੀਦਾਂ ਹਨ। ਸ੍ਰੋਮਣੀ ਅਕਾਲੀ ਦਲ ਦੇ ਮਾਨਸਾ ਸਰਕਲ ਇੰਚਾਰਜ ਪ੍ਰੇਮ ਅਰੋੜਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਵਿੱਚ ਲੋਕਰਾਜ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਲੰਬੇ ਸੰਘਰਸ਼ ਵਿੱਚ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਅਗਲੀ ਕਤਾਰ ਵਿੱਚ ਰਹਿਕੇ ਲੜਦਾ ਆਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਭਾਈਵਾਲੀ ਦਾ ਆਧਾਰ ਸੱਤਾ ਨਹੀਂ, ਸਗੋਂ ਭਾਈਚਾਰਕ ਏਕਤਾ ’ਤੇ ਜ਼ੋਰ ਦਿੱਤਾ ਹੈ। ਪਾਰਟੀ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਪੰਥ, ਪੰਜਾਬ ਅਤੇ ਦੇਸ਼ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਦੇਣ ਵਾਲੇ ਸਿਰਲੱਥ ਯੋਧਿਆਂ ਦੀ ਇਸ ਪਾਰਟੀ ਦਾ ਇੱਕ ਬੇਮਿਸਾਲ ਅਤੇ ਸ਼ਾਨਮੱਤਾ ਇਤਿਹਾਸ ਹੈ, ਜਿਸ ਕਰਕੇ ਹੁਣ ਸ੍ਰੀ ਭੂੰਦੜ ਤੋਂ ਹੋਰ ਬੁਹਮੁੱਲੀਆਂ ਆਸਾਂ ਦੀ ਉਮੀਦ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਦਿਲਰਾਜ ਸਿੰਘ, ਡਾ.ਨਿਸ਼ਾਨ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ, ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਰੰਗੀ ਸਿੰਘ ਖਾਰਾ,ਬਲਦੇਵ ਸਿੰਘ ਮਾਖਾ,ਸੁਰਜੀਤ ਸਿੰਘ ਬਾਜੇਵਾਲਾ, ਕਸ਼ਮੀਰਾ ਸਿੰਘ ਚਾਹਲ,ਚਤਵੰਤ ਕੌਰ ਸਮਾਓ,ਗੁਰਵਿੰਦਰ ਸਿੰਘ ਝੁਨੀਰ,ਤਰਸੇਮ ਚੰਦ ਭੋਲੀ, ਬੋਘਾ ਸਿੰਘ ਗੇਹਲੇ ਅਤੇ ਸੰਦੀਪ ਸਿੰਘ ਗਾਗੋਵਾਲ ਵੀ ਮੁੱਖ ਰੂਪ ’ਚ ਮੌਜੂਦ ਸਨ।