ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ : ਡਾ. ਸੁਖਵਿੰਦਰ ਕੁਮਾਰ ਸੁੱਖੀ

  • ਸਿੱਖਿਆ ਕ੍ਰਾਂਤੀ ਤਹਿਤ ਬੰਗਾ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਵਿਕਾਸ ਕਾਰਜ ਕੀਤੇ ਲੋਕ ਅਰਪਿਤ 

ਬੰਗਾ, 24 ਅਪ੍ਰੈਲ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਮੁਹੱਈਆ ਹੋਵੇਗੀ ਅਤੇ ਰਾਜ ਭਰ ਦੇ ਬੱਚੇ ਹੁਣ ਵਧੀਆ ਸਿੱਖਿਆ ਹਾਸਲ ਕਰਕੇ ਉੱਚ ਅਹੁਦਿਆਂ ਤੱਕ ਪੁੱਜ ਸਕਣਗੇ। ਇਹ ਪ੍ਰਗਟਾਵਾ ਪੰਜਾਬ ਕੰਟੇਨਰ ਅਤੇ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹਲਕਾ ਬੰਗਾ ਦੇ ਪਿੰਡ ਹੀਓਂ, ਗੋਬਿੰਦਪੁਰ, ਅਟਾਰੀ ਅਤੇ ਰਾਮਪੁਰ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੇ ਵੱਖ- ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਟੀਚਾ ਨਿਰਧਾਰਿਤ ਕਰ ਚੁੱਕੀ ਹੈ। ਇਨ੍ਹਾਂ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਸੋਚ ਨਾਲ ਪੰਜਾਬ ਦੇ ਲੱਗਭਗ 20 ਹਜ਼ਾਰ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਹਲਕਾ ਬੰਗਾ ਦੇ ਕੋਆਰਡੀਨੇਟਰ ਸੋਹਣ ਲਾਲ ਢੰਡਾ, ਬੀ.ਪੀ.ਓ ਜਗਦੀਪ ਸਿੰਘ ਜੌਹਲ, ਪਵਨਜੀਤ ਸਿੰਘ ਸਿੱਧੂ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਭੱਟੀ ਬਲਾਕ ਪ੍ਰਧਾਨ , ਵਿਜੈ ਕੁਮਾਰ ਨੋਡਲ ਅਫ਼ਸਰ, ਅਮਰਜੀਤ ਖਟਕੜ ਸੇਵਾਮੁਕਤ ਡਿਪਟੀ ਡੀ. ਈ. ਓ, ਜ਼ੋਨ ਇੰਚਾਰਜ ਸੁਰਜੀਤ ਕੁਮਾਰ, ਸਕੂਲਾਂ ਦੇ ਮੁਖੀਆਂ, ਵਿਦਿਆਰਥੀਆਂ ਅਤੇ ਸਟਾਫ਼ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।