ਲੁਧਿਆਣਾ, 5 ਜੂਨ : ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਹਾਰ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿੱਥੇ ਉਹਨਾਂ ਨੇ ਲੋਕਾਂ ਦੇ ਫ਼ਤਵੇ ਨੂੰ ਸਿਰ ਮੱਥੇ ਮੰਨਿਆ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜ ਹਲਕਿਆਂ ਵਿੱਚ ਉਹਨਾਂ ਨੂੰ ਲੀਡ ਪ੍ਰਾਪਤ ਹੋਈ ਹੈ। ਉਹਨਾਂ ਨੇ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਤੇ ਵਰਕਰਾਂ ਦੇ ਨਾਲ ਖੜਨ ਦੀ ਗੱਲ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਭਾਜਪਾ ਵਰਕਰਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਨਾ ਕਰਨ ਦੇਣ ਹੈ। ਉਨ੍ਹਾਂ ਕਿਹਾ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਭਾਜਪਾ ਅਤੇ ਆਪਣਾ ਮੇਅਰ ਬਣਾਏਗੀ। ਬੀਤੇ ਦਿਨ 202 ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਪੰਜਾਬ ਵਿੱਚ ਕਾਂਗਰਸ ਨੂੰ ਸੱਤ ਆਮ ਆਦਮੀ ਪਾਰਟੀ ਨੂੰ ਤਿੰਨ ਅਕਾਲੀ ਦਲ ਨੂੰ ਇੱਕ ਅਤੇ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।। ਉੱਥੇ ਹੀ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਕਰੀਬਨ 23 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਹਾਰ ਦਾ ਅਸਲ ਕਾਰਨ ਪਿੰਡਾਂ ਵਿੱਚ ਉਹਨਾਂ ਨੂੰ ਪ੍ਰਚਾਰ ਨਾ ਕਰਨ ਦੇਣਾ ਹੈ। ਉਹਨਾਂ ਨੇ ਕਿਹਾ ਕਿ ਇਹ ਜਿੱਤ ਕਿਸੇ ਵੀ ਪਾਰਟੀ ਦੀ ਜਿੱਤ ਨਹੀਂ ਹੈ ਇਹ ਜਿੱਤ ਸਿਰਫ ਉਹਨਾਂ ਲੋਕਾਂ ਦੀ ਹੈ ਜਿਨਾਂ ਨੇ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਂ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰਨ ਦਿੱਤਾ। ਉਹਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰ ਲੁਧਿਆਣੇ ਵਿੱਚ ਮੇਅਰ ਭਾਜਪਾ ਦਾ ਬਣਾਉਣਗੇ। ਚੋਣ ਜਿੱਤਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸੀ ਕਿ ਉਹਨਾਂ ਨੂੰ ਰਵਨੀਤ ਸਿੰਘ ਬਿੱਟੂ ਦੀ ਹਾਰ ਦਾ ਅਫ਼ਸੋਸ ਹੈ। ਉਹਨਾਂ ਨੇ ਜਿੱਤ ਦਾ ਸਿਹਰਾ ਆਪਣੀ ਟੀਮ ਦੇ ਬੰਨਿਆ ਸੀ।