ਲੁਧਿਆਣਾ, 05 ਅਪ੍ਰੈਲ : ਸੂਬਾ ਸਰਕਾਰ ਵੱਲੋਂ ਇੱਕ ਪਾਸੇ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਧਰ ਦੂਜੇ ਪਾਸੇ ਸਿਵਲ ਹਸਪਤਾਲ ਲੁਧਿਆਣਾ ‘ਚ ਆਮ ਘੁੰਮਦੇ ਚੂਹਿਆਂ ਦੇ ਝੂੰਡ ਕਾਰਨ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੋਸ਼ਲ ਮੀਡੀਆਂ ਤੇ ਵਾਇਰਲ ਹੋਈ ਸਿਵਲ ਹਸਪਤਾਲ ਲੁਧਿਆਣਾ ਦੀ ਇੱਕ ਵੀਡੀਓ ਵਿੱਚ ਚੂਹਿਆਂ ਨੂੰ ਆਮ ਘੁੰਮਦੇ, ਮਰੀਜ਼ਾਂ ਦੇ ਭਾਂਡਿਆਂ ਵਿੱਚ ਮੂੰਹ ਪਾਉਂਦੇ ਦੇਖਿਆ ਜਾ ਸਕਦਾ ਹੈ। ਮਰੀਜ਼ਾਂ ਦੇ ਦੱਸੇ ਅਨੁਸਾਰ ਚੂਹੇ ਰਾਤ ਨੂੰ ਉਨ੍ਹਾਂ ਦੇ ਸੁੱਤੇ ਹੋਇਆਂ ਤੇ ਚੜ੍ਹ ਜਾਂਦੇ ਹਨ, ਉਨ੍ਹਾਂ ਦੇ ਖਾਣ ਪੀਣ ਦੇ ਸਮਾਨ ਨੂੰ ਖਰਾਬ ਕਰਦੇ ਹਨ, ਮਰੀਜ਼ ਰਾਤ ਸਮੇਂ ਚੰਗੀ ਨੀਂਦ ਵੀ ਨਹੀਂ ਪੈ ਪਾਉਂਦੇ। ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਦੀ ਇਮਾਰਤ ਵਿੱਚ ਦਰਾਰਾ ਹਨ, ਜਿਸ ਕਾਰਨ ਚੂਹੇ ਉਨ੍ਹਾਂ ਰਾਹੀਂ ਹਸਪਤਾਲ ਵਿੱਚ ਆ ਜਾਂਦੇ ਹਨ ਅਤੇ ਝੂੰਡ ਬਣਾ ਕੇ ਵਾਰਡਾਂ ਵਿੱਚ ਘੁੰਮ ਰਹੇ ਹਨ, ਤੇ ਉਨ੍ਹਾਂ ਦਾ ਖਾਣਾ, ਦਵਾਈਆਂ ਤੱਕ ਖਾ ਜਾਂਦੇ ਹਨ। ਕਈ ਵਾਰ ਤਾਂ ਨਵਜੰਮੇ ਬੱਚਿਆਂ ਦੀ ਹਿਫਾਜਤ ਲਈ ਲੋਕਾਂ ਨੂੰ ਸਾਰੀ ਰਾਤ ਜਾਗ ਕੇ ਲੰਘਾਉਣੀ ਪੈਂਦੀ ਹੈ।ਮਰੀਜ਼ਾਂ ਨੇ ਦੋਸ਼ ਲਗਾਇਆ ਕਿ ਚੂਹਿਆਂ ਤੇ ਕੰਟਰੋਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਜਦੋਂ ਇਸ ਸਬੰਧੀ ਐਸਐਮਓ ਦੀਪਿਕਾ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਚੂਹਿਆਂ ਨੂੰ ਭਜਾਉਣ ਲਈ ਪੀਆਈਯੂ ਨਾਲ ਸੰਪਰਕ ਕੀਤਾ ਗਿਆ ਹੈ, ਇਸ ਤੋਂ ਇਲਾਵਾ ਦਵਾਈ ਵੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਸਾਫ ਸਫਾਈ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ, ਚੂਹਿਆਂ ਦੇ ਹੱਲ ਲਈ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।