ਪੰਜਾਬ ਸਰਕਾਰ ਦਾ ਡੇਂਗੂ ਜਾਗਰੂਕਤਾ ਰਾਹੀਂ ਕੇਸ 80 ਫ਼ੀਸਦੀ ਘੱਟ ਕਰਨ ਦਾ ਟੀਚਾ : ਡਾ. ਬਲਬੀਰ ਸਿੰਘ

  • ਮੋਹਾਲੀ ਦੇ ਫੇਸ 7 ਦੇ ਆਮ ਆਦਮੀ ਕਲੀਨਿਕ ਤੋਂ ਸ਼ੁਰੂ ਕੀਤੀ ‘ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ
  • ਕਿਹਾ, ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਦੇ ਹਸਪਤਾਲਾਂ ਨੂੰ ਹੰਗਾਮੀ ਹਾਲਤਾਂ ਲਈ ਕੀਤਾ ਤਿਆਰ
  • ਦੇਸ਼ ਦੀਆਂ ਸੈਨਾਵਾਂ ਵੱਲੋਂ ਦਿੱਤੇ ਜਾ ਰਹੇ ਅਤਿਵਾਦ ਦੇ ਮੂੰਹ ਤੋੜ ਜੁਆਬ ਦਾ ਕੀਤਾ ਸਵਾਗਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਮਈ 2025 : ਪੰਜਾਬ ਤੇ ਸਿਹਤ  ਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਇਸ ਵਰ ਸੂਬੇ ’ਚੋੋਂ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਰਾਹੀਂ ਪਿਛਲੇ ਸਾਲ ਨਾਲੋਂ 80 ਫ਼ੀਸਦੀ ਕੇਸ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ ਇਨ੍ਹਾਂ ਕੋਸ਼ਿਸ਼ਾਂ ਸਦਕਾ ਡੇਂਗੂ ਮਾਮਲਿਆਂ ’ਚ 50 ਫ਼ੀਸ ਕਮੀ ਦਰਜ ਕੀਤੀ ਗਈ ਸੀ। ਅੱਜ ਮੋਹਾਲੀ ਦੇ ਫ਼ੇਸ 7 ਦੇ ਆਮ ਆਦਮੀ ਕਲੀਨਿਕ ਤੋਂ ਨਰਸਿੰਗ ਵਿਦਿਆਰਥੀਆਂ, ਆਸ਼ਾ ਵਰਕਰਾਂ, ਬਹੁਮੰਤਵੀ ਸਿਹਤ ਵਰਕਰਾਂ, ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਡੇਂਗੂ ਵਿਰੋਧੀ ਜਾਗਰੂਕਤਾ ਯਾਤਰਾ ‘ਹਰ ਸ਼ੁਕੱਰਵਾਰ ਡੇਂਗੂ ’ਤੇ ਵਾਰ’ ਸ਼ੁਰੂ ਕਰਨ ਪੁੱਜੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਇਸ ਵਾਰ ਪੰਜਾਬ ਦੇ 20 ਲੱਖ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੀ ਬ੍ਰੀਡਿੰਗ ਦੀ ਪਛਾਣ ਅਤੇ ਉਸ ਨੂੰ ਖਤਮ ਕਰਨ ਦੇ ਤਰੀਕਿਆਂ ਨਾਲ ਜਾਣੂ ਕਰਵਾਉਣ ਦੀ ਸਿਖਲਾਈ ਦਿੱਤੀ ਗਈ ਹੈ, ਜਿਸ ਦਾ ਮੰਤਵ ਇਨ੍ਹਾਂ ਵਿਦਿਆਰਥੀਆਂ ਦੁਆਰਾ ਆਪਣੇ ਘਰਾਂ ਅਤੇ ਸਕੂਲਾਂ ਨੂੰ ਡੇਂਗੂ ਮੱਛਰ ਦੇ ਪੈਦਾ ਹੋਣ ਤੋਂ ਬਚਾਉਣਾ ਹੈ। ਉੁਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ 1 ਲੱਖ ਦੇ ਕਰੀਬ ਮਾਨਵੀ ਸ਼ਕਤੀ ਰਾਹੀਂ ਡੇਂਗੂ ਬ੍ਰੀਡਿੰਗ ਰੋਕਣ ਲਈ ਸਰਵੇਖਣ ਮੁਹਿੰਮ ਦੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਖੜ੍ਹੇ ਅਤੇ ਸਾਫ਼ ਪਾਣੀ ਦਾ ਮੱਛਰ ਹੋਣ ਕਾਰਨ, ਸੂਬੇ ਦੇ ਲੋਕਾਂ ਨੂੰ ਹਰ ਹਫ਼ਤੇ ਆਪਣੇ ਕੂਲਰਾਂ, ਫਰਿੱਜ ਦੀਆਂ ਪਿਛਲੀਆਂ ਟ੍ਰੇਆਂ, ਪੁਰਾਣੇ ਟਾਇਰਾਂ, ਗਮਲਿਆਂ, ਪੰਛੀਆਂ ਨੂੰ ਪਿਲਾਉਣ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਖਾਲੀ ਕਰਨਾ ਚਾਹੀਦਾ ਹੈ, ਜਿਸ ਨਾਲ ਡੇਂਗੂ ਮੱਛਰ ਦਾ ਇੱਕ ਹਫ਼ਤੇ ’ਚ ਪ੍ਰਪੱਕ ਹੋਣ ਵਾਲਾ ਲਾਰਵਾ ਆਪਣੇ ਆਪ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ੁਰੂਆਤੀ ਤੌਰ ’ਤੇ ਏਨੀ ਕੁ ਜ਼ਿੰਮੇਂਦਾਰੀ ਹੀ ਨਿਭਾਅ ਲਈਏ ਤਾਂ ਅਸੀਂ ਡੇਂਗੂ ਦੇ ਬੁਖਾਰ ਤੋਂ ਯਕੀਨੀ ਤੌਰ ’ਤੇ ਬਚ ਸਕਦੇ ਹਾਂ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ ਮੈਡੀਕਲ ਵਰਕਰਾਂ, ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਹਿਮ ਅੰਗ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਦੇਸ਼ ਦੀਆਂ ਸਰਹੱਦਾਂ ’ਤੇ ਲੜ ਰਹੇ ਵੀਰ ਜੁਆਨਾਂ ਵਾਂਗ ਲੋਕਾਂ ਦੀ ਉਨ੍ਹਾਂ ਦੇ ਘਰਾਂ ਅੰਦਰ ਹੀ ਮੌਜੂਦ ਡੇਂਗੂ ਦੁਸ਼ਮਣ ਤੋਂ ਰੱਖਿਆ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਜ਼ਿੰਮੇਂਵਾਰੀ ਤਨਦੇਹੀ ਨਾਲ ਨਿਭਾਅ ਲਈਏ ਤਾਂ ਡੇਂਗੂ ਕੇਸਾਂ ’ਚ ਕਮੀ ਲਿਆਉਣ ਦੇ ਨਾਲ-ਨਾਲ ਅਸੀਂ ਕੀਮਤੀ ਜਾਨਾਂ ਵੀ ਜਾਣ ਤੋਂ ਬਚਾਅ ਸਕਦੇ ਹਾਂ। ਦੇਸ਼ ਦੇ ਮੌਜੂਦਾ ਹਾਲਾਤਾਂ ’ਚ ਦੇਸ਼ ਦੇ ਬਹਾਦਰ ਸੈਨਿਕਾਂ ਵੱਲੋਂ ਅਤਿਵਾਦ ਸਮਰਥਤ ਤਾਕਤਾਂ ਨੂੰ ਮੂੰਹ ਤੋੜ ਜੁਆਬ ਦੇਣ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਸਪਤਾਲਾਂ ਨੂੰ ਤਿਆਰ ਕੀਤਾ ਗਿਆ ਹੈ ਅਤੇ ਮੈਡੀਕਲ ਸਟਾਫ਼ ਦੀ ਰਾਤਰੀ ਡਿਊਟੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੀਆਂ ਬਹਾਦਰ ਸੈਨਾਵਾਂ ਦੇਸ਼ ਅਤੇ ਪੰਜਾਬ ’ਤੇ ਹੋਣ ਵਾਲੇ ਡਰੋਨ ਹਮਲਿਆਂ ਨੂੰ ਹਵਾ ’ਚ ਹੀ ਬੇਅਸਰ ਕਰ ਰਹੀਆਂ ਹਨ, ਉਸ ਤਰ੍ਹਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਕਟਰ, ਪੈਰਾ ਮੈਡੀਕ ਅਤੇ ਹੋਰ ਸਟਾਫ਼ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨੂੰ ਸੰਭਾਲਣ ਲਈ ਪੂਰੀ ਦਿਆਨਤਦਾਰੀ ਨਾਲ ਡਿਊਟੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹਰ ਤਰ੍ਹਾਂ ਦੀ ਹਾਲਤ ਨਾਲ ਨਜਿੱਠਣ ਲਈ ਤਿਆਰ ਹੈ। ਇਸ ਮੌਕੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ, ਐਸ ਡੀ ਐਮ ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਐਸ ਐਮ ਓ ਡਾ. ਪ੍ਰੀਤ ਕੰਵਲ, ਸਹਾਇਕ ਸਿਵਲ ਸਰਜਨ  ਡਾ. ਗਿਰਿਸ਼ ਡੋਗਰਾ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਅਤੇ ਡਾ. ਹਰਮਨ ਬਰਾੜ ਅਤੇ ਵੱਡੀ ਗਿਣਤੀ ’ਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ ਤੇ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਥਾਂਵਾਂ ’ਤੇ ਜਾ ਕੇ ਡੇਂਗੂ ਮੱਛਰ ਦੀ ਬ੍ਰੀਡਿੰਗ ਜਾਂਚੀ ਗਈ ਅਤੇ ਛਿੜਕਆ ਕੀਤਾ ਗਿਆ। ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਮਨਾਉਣ ਲਈ ਜਾਗਰੂਕ ਕੀਤਾ ਗਿਆ।