
- ਆਮ ਆਦਮੀ ਕਲੀਨਿਕਾਂ ਸਦਕਾ ਜ਼ਿਲ੍ਹੇ ’ਚ ਹੁਣ ਤਕ 15,75,952 ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲਿਆ
- 02,06,756 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ
- ਹਲਕਾ ਧੂਰੀ ਸਮੇਤ ਜ਼ਿਲ੍ਹੇ ’ਚ 46 ਆਮ ਆਦਮੀ ਕਲੀਨਿਕ ਕਾਰਜਸ਼ੀਲ
ਧੂਰੀ, 09 ਮਈ 2025 : ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹੀ ਖੇਤਰ ਬਣਾਇਆ ਹੈ, ਜਿਸ ਦੇ ਸਾਰਥਿਕ ਸਿੱਟੇ ਨਿੱਕਲ ਰਹੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਸ਼ੁਰੂ ਕਰ ਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਹੈ। ਇਹ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਰਾਜ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਧੂਰੀ ਸਮੇਤ ਪੂਰੇ ਜ਼ਿਲ੍ਹਾ ਸੰਗਰੂਰ ਵਿੱਚ ਖੋਲ੍ਹੇ ਗਏ 46 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 15,75,952 ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ ਹੈ ਤੇ ਹੁਣ ਤਕ 02,06,756 ਮਰੀਜ਼ਾਂ ਦੇ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ ਹਨ। ਸਾਰੇ ਆਮ ਆਦਮੀ ਕਲੀਨਿਕਾਂ ਵਿੱਚ 01 ਡਾਕਟਰ, 01 ਫਾਰਮਸਿਸਟ, 01 ਲੈਬ ਟੈਕਨੀਸ਼ੀਅਨ ਅਤੇ 01 ਹੈਲਪਰ ਡਿਊਟੀ 'ਤੇ ਤਾਇਨਾਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਖੇ ਆਨ-ਲਾਈਨ ਪੋਰਟਲ 'ਤੇ ਮਰੀਜ਼ਾਂ ਦੀ ਐਂਟਰੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਬਿਮਾਰੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਸਿਹਤ ਜਾਂਚ ਦਾ ਵੱਡਾ ਫ਼ਾਇਦਾ ਇਹ ਵੀ ਹੈ ਲੋਕਾਂ ਨੂੰ ਕਿਸੇ ਕਿਸਮ ਦੀ ਗੰਭੀਰ ਬਿਮਾਰੀ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਜਾਂ ਜ਼ਿਲ੍ਹਾ ਹਸਪਤਾਲ ਅਗਲੇਰੀ ਜਾਂਚ ਲਈ ਰੈਫ਼ਰ ਕੀਤਾ ਜਾਂਦਾ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਵਧਣ ਤੋਂ ਪਹਿਲੇ ਪੜਾਅ ’ਤੇ ਹੀ ਰੋਕਿਆ ਜਾ ਸਕੇ। ਆਮ ਆਦਮੀ ਕਲੀਨਿਕਾਂ ਵਿਖੇ ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ ਐਚ.ਬੀ., ਬਲੱਡ ਸ਼ੂਗਰ, ਬਲੱਡ ਗਰੁੱਪ, ਐਚ.ਆਈ.ਵੀ., ਐਚ.ਸੀ.ਵੀ. (ਕਾਲਾ ਪੀਲੀਆ), ਐਚ.ਬੀ.ਐਸ.ਏ.ਜੀ (ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਤ), ਵੀ.ਡੀ.ਆਰ.ਐਲ (ਗਰਭ ਦੌਰਾਨ ਜਾਂਚ), ਪਿਸ਼ਾਬ ਰਾਹੀਂ ਸ਼ੂਗਰ ਦੀ ਜਾਂਚ, ਪਿਸ਼ਾਬ ਰਾਹੀਂ ਅਲਬੁਮੇਨ (ਪੀਲੀਆ) ਦੀ ਜਾਂਚ, ਖੂਨ ਰਾਹੀਂ ਮਲੇਰੀਆ ਦੀ ਜਾਂਚ, ਆਦਿ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਆਮ ਲੋਕਾਂ ਵੱਲੋਂ ਇਹਨਾਂ ਕਲੀਨਿਕਾਂ ਸਬੰਧੀ ਤਸੱਲੀ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦੀ ਜਾਂਚ ਅਤੇ ਕਲੀਨਿਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਆਮ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।