- ਹਫਤੇ 'ਚ ਦੋ ਥਾਵਾਂ ਉੱਤੇ ਜ਼ਿਲ੍ਹਾ ਬਰਨਾਲਾ 'ਚ ਲਗਾਏ ਜਾ ਰਹੇ ਹਨ ਸਰਕਾਰ ਤੁਹਾਡੇ ਦੁਆਰ ਕੈਂਪ, ਡਿਪਟੀ ਕਮਿਸ਼ਨਰ
- ਸਰਕਾਰ ਤੁਹਾਡੇ ਦੁਆਰ ਤਹਿਤ ਵਿਸ਼ੇਸ਼ ਕੈਂਪ ਸਹੌਰ ਵਿਖੇ ਲਗਾਇਆ ਗਿਆ
- ਸਰਕਾਰ ਤੁਹਾਡੇ ਦੁਆਰ ਰਾਹੀਂ ਲੋਕਾਂ ਨੂੰ ਸੇਵਾਵਾਂ ਘਰ ਦੇ ਨੇੜੇ ਦਵਾਉਣ ਲਈ ਪੰਡੋਰੀ ਨੇ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ
- ਮਾਂਗੇਵਾਲ ਵਾਸੀ ਕੁਲਦੀਪ ਕੌਰ ਨੂੰ ਮੁੱਖ ਮੰਤਰੀ ਵੱਲੋਂ ਰੁ 50000 ਦੀ ਸਹਾਇਤਾ ਰਾਸ਼ੀ ਦਿੱਤੀ ਗਈ
ਮਹਿਲ ਕਲਾਂ, 16 ਜੁਲਾਈ 2024 : ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਸਮਰਪਿਤ ਅਤੇ ਇਸ ਸੋਚ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਪੱਧਰ ਉੱਤੇ ਜਾ ਕੇ ਸਰਕਾਰ ਤੁਹਾਡੇ ਦੁਆਰ ਕੈਂਪ ਲਗਾਏ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਸਹੌਰ ਵਿਖੇ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਲਗਾਏ ਗਏ ਵਿਸ਼ੇਸ਼ ਕੈਂਪ 'ਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਸਹੌਰ ਵਿਖੇ ਲਗਾਏ ਗਏ ਅੱਜ ਦੇ ਇਸ ਕੈਂਪ 'ਚ ਸਹੌਰ, ਸਹਿਜੜਾ, ਖਿਆਲੀ, ਮਹਿਲ ਖੁਰਦ ਅਤੇ ਪੰਡੋਰੀ ਦੇ ਲੋਕ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਆਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਦੂਰ ਦਰਾਡੇ ਇਲਾਕਿਆਂ ਚੋਂ ਆਉਣ ਵਾਲੇ ਲੋਕਾਂ ਲਈ ਇਹ ਕੈਂਪ ਵਰਦਾਨ ਹਨ ਜਿਹੜੇ ਕਿ ਉਨ੍ਹਾਂ ਦੇ ਘਰ ਦੇ ਨੇੜੇ ਲਗਾਏ ਗਏ ਤਾਂ ਜੋ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਿਹਾੜੀ ਨਾ ਛੱਡਣੀ ਪਏ ਅਤੇ ਨਾ ਹੀ ਉਨ੍ਹਾਂ ਦਾ ਆਣ ਜਾਣ ਦਾ ਕਿਰਾਇਆ ਲੱਗੇ। ਉਨ੍ਹਾਂ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਵੀ ਸਰਕਾਰੀ ਤੰਤਰ ਦਾ ਸਾਥ ਦੇਣ ਅਤੇ ਆਪਣੇ ਕੰਮ ਕਰਵਾਉਣ ਲਈ ਇਨ੍ਹਾਂ ਕੈਂਪਾਂ 'ਚ ਪੁੱਜਣ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨਾਲ ਉਨ੍ਹਾਂ ਲਾਭਪਾਤਰੀਆਂ ਨੂੰ ਮੌਕੇ ਉੱਤੇ ਹੀ ਬਣਾਏ ਗਏ ਸਰਟੀਫਿਕੇਟਾਂ ਦੀ ਵੰਡ ਕੀਤੀ। ਕੈਂਪ ਦੌਰਾਨ ਲੋਕਾਂ ਨੇ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਪੇਂਡੂ ਖੇਤਰ ਸਰਟੀਫਿਕੇਟ, ਆਧਾਰ ਅਤੇ ਪੈਨ ਕਾਰਡ 'ਚ ਸੋਧਾਂ, ਪੈਨਸ਼ਨ ਸਬੰਧੀ ਜਾਣਕਾਰੀ ਅਤੇ ਹੋਰ ਸਕੀਮਾਂ ਦਾ ਲਾਹਾ ਲਿਆ । ਜਿਨ੍ਹਾਂ ਲੋਕਾਂ ਨੇ ਸਰਟੀਫਿਕੇਟ ਅਪਲਾਈ ਕੀਤੇ ਸਨ ਉਨ੍ਹਾਂ ਨੂੰ ਮੌਕੇ ਉੱਤੇ ਹੀ ਸਰਟੀਫਿਕੇਟ ਬਣਾ ਕੇ ਵੰਡ ਦਿੱਤੇ ਗਏ। ਕੈਂਪ 'ਚ ਸਾਰੇ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਆਪਣੀ ਆਪਣੇ ਵਿਭਾਗ ਦੀਆਂ ਸਕੀਮਾਂ ਆਦਿ ਲੈ ਕੇ ਹਾਜ਼ਰ ਸਨ ਅਤੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੁਪ੍ਰਿਤਾ ਜੌਹਲ, ਉੱਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ. ਸਤਵੰਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਮਾਂਗੇਵਾਲ ਦੀ ਕੁਲਦੀਪ ਕੌਰ ਨੂੰ 50000 ਦੀ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਚੋਂ ਦਿੱਤਾ
ਪਿੰਡ ਮਾਂਗੇਵਾਲ ਦੀ ਕੁਲਦੀਪ ਕੌਰ ਨੂੰ 50000 ਦੀ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਚੋਂ ਦਿੱਤਾ ਗਿਆ ਸਹੌਰ ਵਿਖੇ ਆਯੋਜਿਤ ਕੈਂਪ ਦੌਰਾਨ ਪਿੰਡ ਮਾਂਗੇਵਾਲ ਤੋਂ ਵਿਧਵਾ ਕੁਲਦੀਪ ਕੌਰ ਨੂੰ ਮੁੱਖ ਮੰਤਰੀ ਰਾਹਤ ਫੰਡ ਚੋਂ 50000 ਰੁਪਏ ਦੀ ਰਾਸ਼ੀ ਮਾਲੀ ਸਹਾਇਤਾ ਵਜੋਂ ਦਿੱਤੀ ਗਈ। ਵਿਧਵਾ ਕੁਲਦੀਪ ਕੌਰ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਚੈੱਕ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਦਿੱਤਾ ਗਿਆ।