
ਲੁਧਿਆਣਾ, 26 ਦਸੰਬਰ 2024 : ਵਿਸ਼ਵ ਪ੍ਰਸਿੱਧ ਪੰਜਾਬੀ ਖੇਡ-ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੀ ਨਵ ਪ੍ਰਕਾਸ਼ਿਤ ਖੇਡ ਪੁਸਤਕ “ ਸੰਸਾਰ ਦੇ ਪ੍ਰਸਿੱਧ ਖਿਡਾਰੀ” ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਈ ਇਕੱਤਰਤਾ ਵਿੱਚ ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਲਬੀਰ ਸਿੰਘ ਕੰਵਲ ਤੋਂ ਬਾਦ ਪ੍ਰਿੰਸੀਪਲ ਸਰਵਣ ਸਿੰਘ ਹੀ ਖੇਡ ਸਾਹਿੱਤ ਦਾ ਝੰਡਾ ਬਰਦਾਰ ਹੈ ਜਿਸ ਨੇ ਇਸ ਪੁਸਤਕ ਤੀਕ 90 ਤੋਂ ਵੱਧ ਰਚਨਾਵਾਂ ਰਚੀਆਂ ਹਨ। 1965-66 ਤੋਂ ਖੇਡ ਸਾਹਿੱਤ ਸਿਰਜਣਾ ਕਰਕੇ ਪ੍ਰਿੰਸੀਪਲ ਸਰਵਣ ਸਿੰਘ ਜੀ ਨੇ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਖੇਡ ਸੱਭਿਆਚਾਰ ਉਸਾਰਨ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ। ਮੈਨੂੰ ਮਾਣ ਹੈ ਕਿ 1981 ਵਿੱਚ ਛਪੀ ਉਨ੍ਹਾਂ ਦੀ ਪਹਿਲੀ ਕਿਤਾਬ ਦੇ ਲੋਕ ਅਰਪਣ ਵੇਲੇ ਵੀ ਮੈਂ ਉਨ੍ਹਾਂ ਦੇ ਜੱਦੀ ਪਿੰਡ ਚਕਰ(ਲੁਧਿਆਣਾ) ਵਿੱਚ ਹਾਕੀ ਉਲੰਪੀਅਨ ਸ. ਪਿਰਥੀਪਾਲ ਸਿੰਘ, ਪਹਿਲਵਾਨ ਗੁਰਬਖ਼ਸ਼ ਸਿੰਘ ਦੌਧਰ ਤੇ ਜਥੇਦਾਰ ਤੋਤਾ ਸਿੰਘ ਸਮੇਤ ਹਾਜ਼ਰ ਸਾਂ। ਪੁਸਤਕ ਬਾਰੇ ਦੱਸਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਵਿਸ਼ਵ ਦੱ ਸਿਰਕੱਢ 30 ਖਿਡਾਰੀਆਂ ਬਾਰੇ ਜਾਣਕਾਰੀ ਅੰਕਿਤ ਹੈ। ਇਹ ਇਸ ਲੜੀ ਵਿੱਚ ਦੂਸਰੀ ਪੁਸਤਕ ਹੈ ਜਿਸ ਨੂੰ ਪੀਪਲਜ਼ ਫੋਰਮ ਬਰਗਾੜੀ(ਫ਼ਰੀਦਕੋਟ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਦੀ ਪ੍ਰੇਰਨਾ ਨਾਲ ਹੀ ਮੈਂ ਖੇਡ ਸਾਹਿੱਤ ਨੂੰ 14 ਪੁਸਤਕਾਂ ਦੇ ਚੁੱਕਾ ਹਾਂ। ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਦੀਆਂ ਲਿਖਤਾਂ ਨੇ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਦੀ ਰੌਣਕ ਬਣਾਇਆ ਹੈ। ਇਸ ਮੌਕੇ ਪਾਕਿਸਤਾਨ ਤੋਂ ਆਏ ਮਹਿਮਾਨ ਡਾ. ਆਬਿਦ ਸ਼ੇਰਵਾਨੀ ਤੇ ਡਾ. ਵਸੀਮ ਨੂੰ ਗੁਰਭਜਨਗਿੱਲ ਦੀਆਂ ਸ਼ਾਹਮੁਖੀ ਵਿੱਚ ਛਪੀਆਂ ਤਿੰਨ ਕਾਵਿ ਕਿਤਾਬਾਂ ਖ਼ੈਰ ਪੰਜਾਂ ਪਾਣੀਆਂ ਦੀ, ਮਿਰਗਾਵਲੀ ਤੇ ਸੁਰਤਾਲ ਦੀਆਂ ਕਾਪੀਆਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਸਮੇਤ ਸਾਰੇ ਮਹਿਮਾਨਾਂ ਨੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੀਆ 31ਵੀਆਂ ਕਮਲਜੀਤ ਖੇਡਾਂ ਦਾ ਸੋਵੀਨਰ ਖੇਡ ਪਰਚਮ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਸ. ਅਮਰਜੋਤ ਸਿੰਘ ਸਿੱਧੂ, ਸ. ਰੀਤਿੰਦਰ ਸਿੰਘ ਭਿੰਡਰ, ਭੁਪਿੰਦਰ ਸਿੰਘ ਡਿੰਪਲ, ਮਨਿੰਦਰ ਸਿੰਘ ਢਿੱਲੋਂ ਫ਼ਰੀਦਕੋਟ ਤੇ ਪੁਨੀਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ।