ਲੁਧਿਆਣਾ 14 ਜੂਨ, 2024 : ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਸਾਲ 1998 ਤੋਂ 2018 ਦੌਰਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਔਸਤਨ ਸਾਲਾਨਾ ਦਰ 0.53 ਮੀਟਰ ਸੀ| ਕੁਝ ਕੇਂਦਰੀ ਜ਼ਿਲਿਆਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੈ; ਜਿੱਥੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਦਰ 1.0 ਮੀਟਰ ਪ੍ਰਤੀ ਸਾਲ ਤੋਂ ਵੀ ਵੱਧ ਹੈ|ਹਾਲਾਂਕਿ, ਝੋਨੇ ਹੇਠ ਰਕਬਾ ਘਟਾਉਣ ਲਈ ਯਤਨ ਜ਼ਰੂਰੀ ਹਨ ਪ੍ਰੰਤੂ ਉਪਰੋਕਤ ਚਿੰਤਾਵਾਂ ਦੇ ਹੱਲ ਦੇ ਤੌਰ ਤੇ ਝੋਨੇ ਦੀ ਬਿਜਾਈ/ਲੁਆਈ ਢੁੱਕਵੇਂ ਸਮੇਂ ਤੇ ਕਰਨ ਨਾਲ ਕਾਫੀ ਮੱਦਦ ਮਿਲ ਸਕਦੀ ਹੈ| ਪੰਜਾਬ ਦੇ ਵੱਖ-ਵੱਖ ਝੋਨਾ ਪੈਦਾ ਕਰਨ ਵਾਲੇ ਮੌਸਮੀ ਜ਼ੋਨਾਂ ਵਿੱਚ ਔਸਤ ਸਾਲਾਨਾ ਵਰਖਾ 350 ਤੋਂ 700 ਮਿਲੀਮੀਟਰ ਤੱਕ ਹੁੰਦੀ ਹੈ, ਜਦੋਂ ਕਿ ਕਿਸਮਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਝੋਨੇ ਦੀ ਪਾਣੀ ਦੀ ਲੋੜ 1200 ਤੋਂ 1500 ਮਿਲੀਮੀਟਰ ਤੱਕ ਹੁੰਦੀ ਹੈ|ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟਾਉਣ ਲਈ, ਝੋਨੇ ਦੀ ਲੁਆਈ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਕਰਨਾ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਲਈ ਲੁਆਈ ਦੀ ਮਿਤੀ ਨਿਯਮਤ ਕਰਨ ਵਾਲੀਆਂ ਨੀਤੀਆਂ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ| ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪਿਛਲੇ ਅੱਠ ਸਾਲਾਂ ਦੌਰਾਨ ਝੋਨੇ ਦੀਆਂ 11 ਕਿਸਮਾਂ ਕਾਸ਼ਤ ਲਈ ਸਿਫਾਰਸ ਕੀਤੀਆਂ ਹਨ ਜੋ ਕਿ ਪਿਛੇਤੀ ਲੁਆਈ ਵਿੱਚ ਜਿਆਦਾ ਝਾੜ ਦਿੰਦੀਆਂ ਹਨ|ਇਹ ਕਿਸਮਾਂ ਪੰਜਾਬ ਵਿੱਚ 70 ਪ੍ਰਤੀਸ਼ਤ ਤੋ ਜਿਆਦਾ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ|ਸੰਨ 2023 ਦੌਰਾਨ ਪੀ.ਆਰ. 126 ਸਭ ਤੋਂ ਹਰਮਨ ਪਿਆਰੀ ਕਿਸਮ ਰਹੀ ਜੋ ਕਿ ਲਗਭਗ 33% ਰਕਬੇ ਉੱਪਰ ਬੀਜੀ ਗਈ| ਬੀਜ ਦੀ ਵਿੱਕਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਵੀਰ ਪੀ ਆਰ 131 ਨੂੰ ਵੀ ਕਾਫੀ ਪਸੰਦ ਕਰ ਰਹੇ ਹਨ | ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਿਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾਂ ਨੂੰ ਤਰਤੀਬਵਾਰ ਅਪਨਾਉਣ ਨਾਲ ਝੋਨੇ ਦੀ ਬਿਜਾਈ ਨੂੰ ਜ਼ਿਆਦਾ ਸਮੇਂ ਵਿੱਚ ਵੰਡਿਆਂ ਜਾ ਸਕਦਾ ਹੈ|ਇਸ ਨਾਲ ਲੇਬਰ ਦੀ ਕਮੀ ਦੀ ਸਮੱਸਿਆ ਘਟੇਗੀ| ਲੰਮਾ ਸਮਾਂ ਲੈਣ ਵਾਲੀਆਂ ਦੀ ਕਾਸ਼ਤ ਨੂੰ ਵਿਰਾਮ ਦਿਉ: ਪੀ.ਏ.ਯੂ. ਦੇ ਖੋਜ ਤਜਰਬਿਆਂ ਅਤੇ ਕਿਸਾਨ ਭਾਗੀਦਾਰੀ ਸਰਵੇਖਣਾਂ ਦੇ ਅੰਕੜੇ ਸਪੱਸ਼ਟ ਤੌਰ ’ਤੇ ਦੱਸਦੇ ਹਨ ਕਿ ਝੋਨੇ ਦੀਆਂ ਘੱਟ ਸਮੇ ਵਿੱਚ ਪੱਕਣ ਵਾਲੀਆਂ ਕਿਸਮਾਂ ਨੁੰ 5-9 ਸਿੰਚਾਈਆਂ ਘੱਟ ਚਾਹੀਦੀਆਂ ਹਨ ਅਤੇ ਖਾਦਾਂ, ਕੀਟਨਾਸ਼ਕਾਂ ਆਦਿ ਦੀ ਲੋੜ ਵੀ ਘੱਟ ਹੁੰਦੀ ਹੈ| ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਘੱਟ ਕਾਸ਼ਤਕਾਰੀ ਖਰਚੇ, ਪਾਣੀ ਦੀੇ ਖੱਪਤ ਅਤੇ ਲੱਗਭੱਗ ਬਰਾਬਰ ਝਾੜ ਹੋਣ ਕਰਕੇ, ਇਹ ਕਿਸਮਾਂ ਲੰਮਾ ਸਮਾਂ ਲੈਣ ਵਾਲੀਆਂ ਦੇ ਮੁਕਾਬਲੇ ਆਰਥਿਕ (ਸਾਰਣੀ 1), ਸਮਾਜਿਕ ਅਤੇ ਵਾਤਾਵਰਣ ਪੱਖੀ ਹਨ |
ਇਨ੍ਹਾਂ ਕਿਸਮਾਂ ਨੂੰ ਵਿਆਪਕ ਪੱਧਰ ’ਤੇ ਅਪਣਾਉਣ ਨਾਲ ਨਾ ਸਿਰਫ ਉਤਪਾਦਨ ਵਧਿਆ ਹੈ ਬਲਕਿ ਉਤਪਾਦਕਤਾ ਅਤੇ ਕੇਂਦਰੀ ਝੋਨਾ ਪੂਲ ਵਿੱਚ ਯੋਗਦਾਨ ਵਿੱਚ ਵੀ ਰਿਕਾਰਡ ਕਾਇਮ ਕੀਤੇ ਹਨ|
ਝੋਨੇ ਦੀ ਅਗੇਤੀ ਲੁਆਈ ਨਾ ਕਰੋ: ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਦਰਮਿਆਨੇ ਸਮੇ ਵਿੱਚ ਪੱਕਣ ਵਾਲੀਆਂ ਵਾਲੀਆਂ ਕਿਸਮਾਂ (ਜਿਵੇਂ ਕਿ ਪੀ ਆਰ 121, 131) ਦਾ 25 ਜੂਨ ਦੀ ਲੁਆਈ ਤਹਿਤ ਚੰਗਾ ਝਾੜ ਮਿਲਦਾ ਹੈ| ਪ੍ਰੰਤੂ ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ (ਪੀ.ਆਰ.126) ਜੁਲਾਈ ਵਿੱਚ ਲੁਆਈ (ਸਾਰਣੀ 1) ਦੇ ਅਧੀਨ ਹੋਰ ਵੀ ਵਧੀਆ ਝਾੜ ਦਿੰਦੀ ਪਾਈ ਗਈ ਹੈ, ਜਿਸਦੇ ਸਿੱਟੇ ਵਜੋਂ ਸਿੰਚਾਈ ਦੇ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ (6 ਤੋਂ 17%)| Tਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ ਪੰਜਾਬ (2009)U ਦੀ ਸਖਤੀ ਨਾਲ ਪਾਲਣਾ ਨੇ ਪਾਣੀ ਦੀ ਗਿਰਾਵਟ ਨੂੰ ਰੋਕਣ ਅਤੇ ਉਤਪਾਦਕਤਾ ਵਿੱਚ ਵਾਧੇ ਦੇ ਰੂਪ ਵਿੱਚ ਸਕਾਰਾਤਮਕ ਪ੍ਰਭਾਵ ਦਿਖਾਏ ਹਨ| ਉਪਰੋਕਤ ਦੱਸੇ ਮੁਤਾਬਿਕ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਲੁਆਈ 20 ਜੂਨ ਤੋਂ ਜੁਲਾਈ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ| ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਕਰ ਕੇ ਮਸ਼ੀਨਾਂ ਦੀ ਉਪਲੱਬਧਤਾ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ| ਇਸ ਵਿਧੀ ਰਾਹੀ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ|ਝੋਨੇ ਦੀ ਸਿੱਧੀ ਬਿਜਾਈ ਲਈ ਪਰਮਲ ਕਿਸਮਾਂ ਲਈ ਬਿਜਾਈ ਦਾ ਢੁੱਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਾਵਾੜਾ ਹੈ ਜਦਕਿ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਾਵਾੜਾ ਹੈ | ਝੋਨੇ ਦੀ ਲੁਆਈ ਅਗੇਤੀ ਸ਼ੁਰੂ ਹੋਣ ਕਰਕੇ ਕੀੜੇ-ਮਕੌੜਿਆਂ ਦੀਆਂ ਜਿਆਦਾ ਪੀੜ੍ਹੀਆਂ ਬਣਦੀਆਂ ਹਨ|ਇਹ ਸਥਿਤੀ ਪੀ.ਏ.ਯੂ., ਲੁਧਿਆਣਾ ਵਿਖੇ ਕਰਵਾਏ ਗਏ ਵੱਖ ਵੱਖ ਅਧਿਐਨਾਂ ਵਿਚ ਝੋਨੇ ਦੀਆਂ ਗੋਭ ਦੀਆਂ ਸੁੰਡੀਆਂ (ਪੀਲੀ, ਚਿੱਟੀ ਅਤੇ ਗੁਲਾਬੀ) ਲਈ ਦੇਖੀ ਗਈ ਹੈ| ਗੋਭ ਦੀਆਂ ਸੁੰਡੀਆਂ ਅਤੇ ਭੂਰੇ ਟਿੱਡਿਆਂ ਦੀ ਜਿਆਦਾ ਅਬਾਦੀ ਬਾਸਮਤੀ ਦੀ ਫ਼ਸਲ ਲਈ ਗੰਭੀਰ ਖਤਰਾ ਪੈਦਾ ਕਰੇਗੀ ਕਿਉਕਿ ਇਹਨਾਂ ਦੀ ਰੋਕਥਾਮ ਲਈ ਕੀਟਨਾਸਕਾਂ ਦੀ ਪਿਛੇਤੀ ਵਰਤੋਂ ਕਰਕੇ ਕੀਟਨਾਸਕਾਂ ਦੀ ਰਹਿੰਦ ਖੂੰਹਦ ਦੀਆਂ ਸੀਮਾਵਾਂ ਕਾਰਨ ਬਾਸਮਤੀ ਚਾਵਲ ਦੀ ਬਰਾਮਦ ਨੂੰ ਕਮਜੋਰ ਕਰਨ ਨਾਲ ਕਿਸਾਨੀ ਨੂੰ ਭਾਰੀ ਨੁਕਸਾਨ ਕਰੇਗਾ|ਝੋਨੇ ਦੀ ਫਸਲ ’ਤੇ ਕੀੜੇ ਦਾ ਵਾਧਾ ਆਉਣ ਵਾਲੀ ਕਣਕ ਦੀ ਫ਼ਸਲ ਲਈ ਵੀ ਖਤਰਾ ਸਾਬਤ ਹੋ ਸਕਦਾ ਹੈ ਜਿਵੇਂ ਕਿ ਸਾਲ 2019 ਦੌਰਾਨ ਝੋਨੇ ਦੀ ਫ਼ਸਲ ਤੋਂ ਬਾਅਦ ਗੁਲਾਬੀ ਸੁੰਡੀ ਦੇ ਮਾਮਲੇ ਵਿੱਚ ਹੋਇਆ ਸੀ| ਇਸ ਤੋਂ ਇਲਾਵਾ ਅਗੇਤੀ ਲੁਆਈ ਵਾਲੇ ਝੋਨੇ ਵਿੱਚ ਝੋਨੇ ਦੀ ਝੂਠੀ ਕਾਂਗਿਆਰੀ ਅਤੇ ਤਣ੍ਹੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੀ ਵਧੇਰੇ ਹੁੰਦਾ ਹੈ|ਅਗੇਤੇ ਝੋਨੇ (25 ਜੂਨ ਤੋਂ ਪਹਿਲਾਂ) ਵਿੱਚ ਦੱਖਣੀ ਬਲੈਕ ਸਟ੍ਰੀਕਡ ਡਵਾਰਫ ਵਾਇਰਸ ਦਾ ਹਮਲਾ ਪਿਛੇਤੇ ਝੋਨੇ ਦੇ ਮੁਕਾਬਲੇ ਵੱਧ ਸੀ
2022 ਦੌਰਾਨ ਵੱਖ-ਵੱਖ ਕਿਸਮਾਂ ਦੇ ਔਸਤ ਅੰਕੜੇ
ਇਸ ਤਰ੍ਹਾਂ ਇਹ ਸਪੱਸ਼ਟ ਹੁੰਦਾ ਹੈ ਕਿ ਝੋਨੇ ਦੀ ਅਗੇਤੀ ਬਿਜਾਈ/ਲੁਆਈ ਆਰਥਿਕ, ਵਾਤਾਵਰਣ ਅਤੇ ਸਮਾਜਿਕ ਪੱਖ ਤੋਂ ਲਾਭਦਾਇਕ ਨਹੀਂ ਹੈ|ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ (2009)U ਦੀ ਪਾਲਨਾਂ ਕਰਦੇ ਹੋਏ ਝੋਨੇ ਦੀ ਕਾਸ਼ਤ ਲਈ ਪੀ.ਏ.ਯੂ.ਦੀਆਂ ਆਰਥਿਕ ਅਤੇ ਵਾਤਾਵਰਣ ਪੱਖੀ ਸਿਫਾਰਿਸ਼ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਕੇ ਪਾਣੀ ਦੀ ਬੱਚਤ ਦੇ ਨਾਲ ਨਾਲ ਵਧੀਆ ਝਾੜ ਲੈ ਕੇ ਖੇਤੀ ਨੂੰ ਲਾਹੇਵੰਦ ਬਣਾਉਣ| ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਨਾ ਰੱਖੋ: ਝੋਨੇ ਦੇ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ ਹੈ|ਝੋਨੇ ਦੀ ਪਨੀਰੀ ਪੱਟ ਕੇ ਖੇਤ ਵਿੱਚ ਲਗਾਉਣ ਪਿੱਛੋ ਸਿਰਫ 2 ਹਫਤੇ ਤੱਕ ਖੇਤ ਵਿੱਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਪਿੱੱਛੋ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋ ਪਾਣੀ ਜ਼ਜਬ ਹੋਏ ਨੂੰ 2 ਦਿਨ ਹੋ ਗਏ ਹੋਣ|ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ| ਪਾਣੀ ਦੇ ਜ਼ੀਰਨ ਤੋ 2 ਦਿਨ ਬਾਅਦ ਪਾਣੀ ਲਗਾਉਣ ਨਾਲ ਝੋਨੇ ਵਿੱਚ ਕੀੜੇ ਅਤੇ ਬਿਮਾਰੀਆ ਦਾ ਹਮਲਾਂ ਘੱਟ ਹੁੰਦਾ ਹੈ ਅਤੇ ਲਗਭਗ 15 ਤੋ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ|ਲਗਾਤਾਰ ਪਾਣੀ ਖੜ੍ਹਾ ਰੱਖਣ ਨਾਲ ਮੀਥੇਨ ਗੈਸ ਵੱਧ ਨਿਕਲਦੀ ਹੈ ਜੋ ਕਿ ਵਾਤਾਵਰਣ ਤਪਸ਼ ਵਧਾਉੰਦੀ ਹੈ | ਝੋਨੇ ਦੀ ਸਿੱਧੀ ਬਿਜਾਈ :ਝੋਨੇ ਦੀ ਸਿੱਧੀ ਬਿਜਾਈ ਨਾਲ ਲਗਭਗ 10 ਤੋ 20 ਪ੍ਰਤੀਸ਼ਤ ਪਾਣੀ ਦੀ ਬੱਚਤ ਅਤੇ 10-12% ਰੀਚਾਰਜ ਵੱਧ ਹੋਣ ਦੇ ਨਾਲ ਗ੍ਰੀਨ ਹਾਊਸ ਗੈਸਾਂ ਦੀ ਇਮਸ਼ਿਨ ਘੱਟਦੀ ਹੈ|ਚੰਗੇ ਝਾੜ ਅਤੇ ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲਵਾਲੀ ਮੈਰਾ) ਵਿੱਚ ਜੂਨ ਮਹੀਨੇ ਵਿੱਚ ਕਰੋ ਅਤੇ ਬਿਜਾਈ ਤੋਂ ਬਾਅਦ ਪਹਿਲਾ ਪਾਣੀ 21 ਦਿਨ ਬਾਅਦ ਦਿਉ| ਇਸ ਤੋਂ ਇਲਾਵਾ,ਲੇਜਰ ਵਾਲੇ ਕਰਾਹੇ ਨਾਲ ਖੇਤ ਪੱਧਰ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ 15 ਤੋ 20 ਪ੍ਰਤੀਸ਼ਤ ਬੱਚਤ ਹੁੰਦੀ ਹੈ ਅਤੇ ਫਸਲ ਦਾ ਵਧੀਆ ਵਿਕਾਸ/ਪੁੰਗਾਰ ਮਿਲਦਾ ਹੈ|ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ ਜਾਂ ਬੈੱਡਾਂ ਤੇ ਵੀ ਕੀਤੀ ਜਾ ਸਕਦੀ ਹੈ|ਇਸ ਤੋੰ ਇਲਾਵਾ ਬਾਸਮਤੀ ਦੀ ਕਾਸ਼ਤ ਕਰਨ ਨਾਲ ਵੀ ਪਰਮਲ ਝੋਨੇ ਦੇ ਮੁਕਾਬਲੇ ਪਾਣੀ ਦੀ ਬੱਚਤ ਹੁੰਦੀ ਹੈ | ਸੋ, ਆਉ ਰਲ ਕੇ ਪਾਣੀ ਦੀ ਬੱਚਤ ਦੇ ਨਾਲ ਨਾਲ ਵਧੀਆ ਝਾੜ ਲੈ ਕੇ ਖੇਤੀ ਨੂੰ ਆਰਥਿਕ ਤੌਰ ਤੇ ਲਾਹੇਵੰਦ ਬਣਾਉਣ ਦੇ ਨਾਲ ਨਾਲ ਵਾਤਾਵਰਣ ਪੱਖੀ ਬਣਾਉਣ ਦਾ ਹੰਭਲਾ ਮਾਰੀਏ | ਧਰਤੀ ਹੇਠਲੇ ਪਾਣੀ ਨੂ ਅਉਣ ਵਾਲੀਆਂ ਪੁਸ਼ਤਾਂ ਲਈ ਸਾਂਭ ਕੇ ਰੱਖੀਏ |