ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਯੂਨੀਵਰਸਿਟੀ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਨੇ ਰਾਏਕੋਟ ਤੋਂ ਬਰਨਾਲਾ ਰੋਡ ਤੇ ਪੈਂਦੇ ਪਿੰਡ ਗੋਬਿੰਦਗੜ ਵਿਚ ਤਰ-ਵੱਤਰ ਸਿੱਧੀ ਬਿਜਾਈ ਤਕਨੀਕ ਨਾਲ ਬੀਜੇ ਜਾ ਰਹੇ ਝੋਨੇ ਦੇ ਖੇਤਾਂ ਦਾ ਦੌਰਾ ਕੀਤਾ| ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਇਹ ਤਕਨੀਕ ਦੀ ਕਾਢ ਕਿਸਾਨਾਂ ਨੂੰ ਪੇਸ਼ ਕੀਤੀ ਜਿਸ ਨਾਲ ਝੋਨਾ ਬਿਨਾਂ ਕੱਦੂ ਕੀਤੇ ਡਰਿੱਲ ਰਾਹੀਂ ਤਰ-ਵੱਤਰ ਖੇਤ ਵਿਚ ਬੀਜਿਆ ਜਾਂਦਾ ਹੈ ਅਤੇ ਤਿੰਨ ਹਫਤਿਆਂ ਬਾਅਦ ਪਹਿਲੀ ਸਿੰਚਾਈ ਦੀ ਲੋੜ ਪੈਂਦੀ ਹੈ| ਇਸ ਤਕਨੀਕ ਨੇ ਬੀਤੇ ਸਾਲਾਂ ਵਿਚ ਕਿਸਾਨਾਂ ਦੀ ਵਿਆਪਕ ਪ੍ਰਵਾਨਗੀ ਹਾਸਲ ਕੀਤੀ| ਜ਼ਾਇਜਾ ਲੈਣ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੋ ਕਿਸਾਨ ਭਰਾਵਾਂ ਸ. ਲਖਵਿੰਦਰ ਸਿੰਘ ਅਤੇ ਸ. ਸੁਖਵੀਰ ਸਿੰਘ ਦੇ 25 ਏਕੜ ਦੇ ਕਰੀਬ ਰਕਬੇ ਵਿਚ ਤਰ-ਵੱਤਰ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਦੇਖਿਆ| ਉਹਨਾਂ ਦੇਖਿਆ ਕਿ ਇਹ ਫਸਲ ਬੀਜਣ ਤੋਂ ਬਾਅਦ ਸਿੰਚਾਈ ਅਜੇ ਨਾ ਕਰਨ ਦੇ ਬਾਵਜੂਦ ਬੜੀ ਸੋਹਣੀ ਦਿੱਖ ਅਤੇ ਜੰਮ ਨਾਲ ਭਰਪੂਰ ਦਿਸਦੀ ਹੈ| ਕਿਸਾਨਾਂ ਨੇ ਭਾਵੇਂ ਇਸ ਤਕਨੀਕ ਨੂੰ ਕੋਵਿਡ ਦੀਆਂ ਮਜ਼ਬੂਰੀਆਂ ਕਾਰਨ ਅਪਨਾਇਆ ਜਦੋਂ ਮਜ਼ਦੂਰਾਂ ਦੀ ਆਮਦ ਮੁਕਾਬਲਤਨ ਘੱਟ ਸੀ| ਇਹਨਾਂ ਕਿਸਾਨਾਂ ਨੇ ਪੀ.ਏ.ਯੂ. ਦੇ ਅਧਿਕਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਵਿਧੀ ਰਾਹੀਂ ਪਾਣੀ ਦੀ ਬੇਹੱਦ ਬੱਚਤ ਹੁੰਦੀ ਹੈ, ਝੋਨੇ ਦੇ ਬੂਟਿਆਂ ਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਜਾਂਦੀਆਂ ਹਨ ਜਿਸਦੇ ਨਤੀਜੇ ਵਜੋਂ ਭਰਵੀਂ ਅਤੇ ਨਦੀਨਾਂ ਤੋਂ ਮੁਕਤ ਫਸਲ ਸਾਹਮਣੇ ਆਉਂਦੀ ਹੈ| ਉਹਨਾਂ ਦੱਸਿਆ ਕਿ ਹਰ ਏਕੜ ਮਗਰ 1 ਤੋਂ ਡੇਢ ਕੁਇੰਟਲ ਵਧੇਰੇ ਝਾੜ ਵੀ ਇਸ ਢੰਗ ਨਾਲ ਲਾਏ ਝੋਨੇ ਨੇ ਦਿੱਤਾ ਹੈ| ਉਹ ਇਹ ਤਕਨੀਕ ਨੂੰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਅਪਣਾ ਰਹੇ ਹਨ| ਇਸਦੇ ਨਾਲ ਹੀ ਹੋਰ ਸਥਾਨਕ ਕਿਸਾਨਾਂ ਨੂੰ ਪ੍ਰੇਰਿਤ ਵੀ ਕਰ ਰਹੇ ਹਨ ਕਿ ਉਹ ਪਾਣੀ ਬਚਾਉਣ ਵਾਲੀ ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ| ਕਿਸਾਨਾਂ ਨੇ ਕਿਹਾ ਕਿ ਚੰਗੇ ਨਤੀਜਿਆਂ ਲਈ ਬਿਜਾਈ ਦੇ ਪਹਿਲੇ ਮਹੀਨੇ ਦੌਰਾਨ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ| ਵਾਈਸ ਚਾਂਸਲਰ ਡਾ. ਗੋਸਲ ਨੇ ਇਸ ਪਹਿਲਕਦਮੀ ਲਈ ਕਿਸਾਨਾਂ ਨੂੰ ਸ਼ਾਬਾਸ਼ ਦਿੱਤੀ| ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ| ਇਸ ਤਕਨੀਕ ਨੂੰ ਪਾਣੀ ਬਚਾਉਣ ਦੇ ਰੂਪ ਵਿਚ ਇਕ ਬਦਲ ਵਜੋਂ ਦੇਖਿਆ ਜਾ ਰਿਹਾ ਹੈ| ਡਾ. ਗੋਸਲ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਪੀ.ਏ.ਯੂ. ਦੇ ਮਾਹਿਰ ਹਰ ਲੋੜੀਂਦੀ ਸਲਾਹ ਲਈ ਹਮੇਸ਼ਾ ਮੌਜੂਦ ਹਨ|ਇਸ ਮੌਕੇ ਜਾਇਜਾ ਲੈਣ ਵਾਲੀ ਟੀਮ ਵਿਚ ਡਾ. ਗੋਸਲ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰਸਿੱਧ ਫਸਲ ਵਿਗਿਆਨ ਡਾ. ਜੇ ਐੱਸ ਗਿੱਲ ਵੀ ਮੌਜੂਦ ਸਨ|