ਲੁਧਿਆਣਾ 16 ਜੁਲਾਈ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਖਿਆਲੀਚਾਲ੍ਹਾਂ ਵਾਲੀ ਅਤੇ ਸਾਹਨੇਵਾਲੀ ਪਿੰਡਾਂ ਵਿੱਚ ਸਰਵੇਖਣ ਦੌਰਾਨ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਨਹੀਂ ਆਇਆ। ਇਸ ਸੰਬੰਧੀ ਮਾਹਿਰਾਂ ਵਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਅਤੇ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ। ਜੇਕਰ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋਵੇ ਤਾਂ ਇਸ ਦੀ ਰੋਕਥਾਮ ਲਈ 500 ਮਿਲੀਲਿਟਰ ਪ੍ਰਫੀਨੋਫੋਸ 50 ਈ ਸੀ (ਕਿਊਰਾਕਰਾਨ/ਕਰੀਨਾ) ਜਾਂ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜੋਏਟ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 15 ਐਸ ਸੀ (ਅਵਾਂਟ) ਜਾਂ 250 ਗ੍ਰਾਮ ਥਾਇਓਡੀਕਾਰਬ 75 ਡਬਲਯੂ ਪੀ (ਲਾਰਵਿਨ) ਜਾਂ 800 ਮਿਲੀਲਿਟਰ ਇਥੀਓਨ 50 ਈ ਸੀ (ਫੋਸਮਾਇਟ) ਨੂੰ 150 ਲੀਟਰ ਪਾਣੀ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਪੈਣ ਤੇ ਇਸਦਾ ਦੂਸਰਾ ਛਿੜਕਾਅ 7 ਦਿਨ ਬਾਅਦ ਦੁਬਾਰਾ ਕੀਤਾ ਜਾ ਸਕਦਾ ਹੈ।