ਲੁਧਿਆਣਾ, 05 ਅਪ੍ਰੈਲ : ਪੀ.ਏ.ਯੂ. ਨੇ ਅੱਜ ਦਿੱਲੀ ਸਥਿਤ ਇਕ ਗੈਰ ਸਰਕਾਰੀ ਸੰਸਥਾ ਪਾਰਟਨਰਜ਼ ਇਨ ਪਰਾਸਪੈਰਿਟੀ ਨਾਲ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ | ਇਹ ਸਮਝੌਤਾ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ 1 ਘਣਮੀਟਰ ਪ੍ਰਤੀ ਦਿਨ ਤੋਂ ਲੈ ਕੇ 25 ਘਣਮੀਟਰ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਸੰਸਥਾ ਵੱਲੋਂ ਮੱੁਖ ਕਾਰਜਕਾਰੀ ਅਧਿਕਾਰੀ ਸ਼੍ਰੀ ਨਰੇਸ਼ ਚੌਧਰੀ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ | ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ | ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ| ਡਾ. ਐੱਸ ਐੱਸ ਸੂਚ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ | ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ | ਇਸ ਤਰਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ 60-70 ਪ੍ਰਤੀਸ਼ਤ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ | ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਦਾ ਉਦੇਸ਼ ਨਾ ਸਿਰਫ ਕਿਸਾਨੀ ਸਮਾਜ ਨੂੰ ਬਲਕਿ ਆਮ ਸ਼ਹਿਰੀਆਂ ਨੂੰ ਵੀ ਕੁਦਰਤੀ ਸਾਧਨਾਂ ਤੋਂ ਪੈਦਾ ਹੋਣ ਵਾਲੀ ਊਰਜਾ ਦੀ ਤਕਨੀਕ ਮੁਹੱਈਆ ਕਰਾਉਣਾ ਹੈ|