ਲੁਧਿਆਣਾ 7 ਜੂਨ : ਬੀਤੇ ਦਿਨੀਂ ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਨੇ ਭੂਮੀ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ| ਇਸ ਮੌਕੇ ਭੂਮੀ ਕਲੱਬ ਦੇ ਪ੍ਰਧਾਨ ਡਾ. ਰਾਜੀਵ ਸਿੱਕਾ ਨੇ ਮੁੱਖ ਮਹਿਮਾਨ ਡਾ. ਨੀਲਮ ਪਰਿਹਾਰ ਦਾ ਸਵਾਗਤ ਕੀਤਾ| ਉਹਨਾਂ ਨੇ ਵਿਭਾਗ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਦੀ ਸਾਰਥਕਤਾ ਬਾਰੇ ਦੱਸਿਆ| ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰ ਦਾ ਉਦੇਸ਼ ਭੂਮੀ ਦੀ ਮੁੜ ਉਸਾਰੀ ਅਤੇ ਸੋਕੇ ਤੋਂ ਇਸਨੂੰ ਬਚਾਉਣ ਨਾਲ ਜੁੜਿਆ ਹੋਇਆ ਹੈ| ਡਾ. ਸਿੱਕਾ ਨੇ ਵਾਤਾਵਰਨ ਨੂੰ ਮਨੁੱਖ ਦੀ ਹੋਂਦ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਹਾ ਅਤੇ ਇਸਨੂੰ ਬਚਾਉਣ ਲਈ ਜੀ ਜਾਨ ਨਾਲ ਬਚਾਉਣ ਦੀ ਅਪੀਲ ਕੀਤੀ| ਵਿਭਾਗ ਦੇ ਪੁਰਾਣੇ ਮੁਖੀ ਅਤੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਐੱਸ ਐੱਸ ਪਰਿਹਾਰ ਦੀ ਨੂੰਹ ਡਾ. ਨੀਲਮ ਪਰਿਹਾਰ ਨੂੰ ਇਸ ਮੌਕੇ ਡਾ. ਐੱਸ ਐੱਸ ਪਰਿਹਾਰ ਯਾਦਗਾਰੀ ਪੁਰਸਕਾਰ ਫੈਲੋਸ਼ਿਪ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ| ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਨ ਲਈ ਪੋਸਟਰ ਬਨਾਉਣ, ਡੈਕਲਾਮੇਸ਼ਨ, ਕੁਇਜ਼ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ| ਭਾਰੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਇਹਨਾਂ ਮੁਕਾਬਲਿਆਂ ਦਾ ਆਨੰਦ ਮਾਣਿਆ| ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ| ਅੰਤ ਵਿਚ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ|