ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਹੈ ਅਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸਿਧਾਂਤਾਂ ਦੇ ਵਿਰੁਧ ਹੈ : ਰਵਨੀਤ ਬਿੱਟੂ 

  •  
  • ਲੁਧਿਆਣਾ ਕਾਰਪੋਰੇਸ਼ਨ ਵਿਚ ਭਾਜਪਾ ਅਤੇ ਕਾਂਗਰਸ ਵਿਚ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਰਵਨੀਤ ਬਿੱਟੂ 

ਲੁਧਿਆਣਾ, 24 ਦਸੰਬਰ 2024 : ਨਗਰ ਨਿਗਮ ਲੁਧਿਆਣਾ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ, ਜਿਸ ਤੋਂ ਬਾਅਦ ਇਹ ਖਬਰਾਂ ਚੱਲ ਰਹੀਆਂ ਸਨ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਮਿਲ ਕੇ ਆਪਣਾ ਮੇਅਰ ਬਣਾ ਸਕਦੇ ਹਨ ਪਰ ਹੁਣ ਇਨ੍ਹਾਂ ਖਬਰਾਂ ਨੂੰ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਰਾਮ ਲਗਾ ਦਿੱਤਾ ਹੈ। ਰਵਨੀਤ ਸਿੰਘ ਬਿਟੂ ਨੇ ਐਕਸ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਲੁਧਿਆਣਾ ਕਾਰਪੋਰੇਸ਼ਨ ਵਿਚ ਭਾਜਪਾ ਅਤੇ ਕਾਂਗਰਸ ਵਿਚ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਹੈ ਅਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸਿਧਾਂਤਾਂ ਦੇ ਵਿਰੁਧ ਹੈ।  ਬਾਬਾ ਸਾਹਿਬ ਅੰਬੇਦਕਰ‌ ਜੀ ਦੀ ਦੁਸ਼ਮਣ ਕਾਂਗਰਸ ਪਾਰਟੀ ਨਾਲ ਭਾਜਪਾ ਦਾ ਲੁਧਿਆਣੇ ਤਾਂ ਕੀ, ਪੂਰੇ ਭਾਰਤ ਵਿੱਚ ਕਦੇ ਕਿਤੇ ਵੀ ਸਮਝੌਤਾ ਨਹੀਂ ਹੋਏਗਾ। ਚੱਲ ਰਹੇ ਵਿਵਾਦਾਂ ਅਤੇ ਮੀਡੀਆ ਦੀਆਂ ਅਟਕਲਾਂ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਗੁਰਦੀਪ ਸਿੰਘ ਨੀਟੂ ਖ਼ਿਲਾਫ਼ ਦਰਜ ਕੀਤੇ ਗਏ ਸ਼ਰਾਬ ਵੰਡ ਦੇ ਮਾਮਲੇ ’ਤੇ ਸਵਾਲ ਉਠਾਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੀਆਂ ਚੋਣਾਂ ਸਹੀ ਢੰਗ ਨਾਲ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਭਾਜਪਾ ਵਰਕਰਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪਰਾਸ਼ਰ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਹੀ ਮੇਅਰ ਬਣਾਏਗੀ। ਦੱਸ ਦੇਈਏ ਕਿ ਲੁਧਿਆਣਾ ਵਿੱਚ ਕੁੱਲ 95 ਸੀਟਾਂ ਹਨ ਅਤੇ ਆਮ ਆਦਮੀ ਪਾਰਟੀ ਨੇ 41, ਭਾਜਪਾ ਨੇ 19, ਕਾਂਗਰਸ ਨੇ 30, ਅਕਾਲੀ ਦਲ ਨੇ 2 ਅਤੇ ਆਜ਼ਾਦ ਨੇ 3 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਹੁਣ ਇੱਕ ਆਜ਼ਾਦ ਅਤੇ ਇੱਕ ਅਕਾਲੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।